ਕੈਪਸ਼ਨ: ਫ਼ੌਜੀ ਜਵਾਨ ਗੁਰਮੇਲ ਸਿੰਘ ਦੀ ਪਤਨੀ ਜਸਵਿੰਦਰ ਕੌਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
ਮਾਨਸਾ 4 ਸਤੰਬਰ (ਬਪਸ): ਦਿਨ ਰਾਤ ਸਖ਼ਤ ਮਿਹਨਤ ਕਰਕੇ ਕੀਤੀ ਗਈ ਕਮਾਈ ਨੂੰ ਲੋਕ ਸੁਰੱਖਿਅਤ ਸਮਝਦੇ ਹੋਏ ਆਪਣੀ ਜਮ੍ਹਾਂ ਪੂੰਜੀ ਬੈਂਕਾਂ ਵਿੱਚ ਜਮ੍ਹਾਂ ਕਰਵਾਉਂਦੇ ਹਨ ਪਰ ਜੇਕਰ ਬੈਂਕਾਂ ਵਿੱਚ ਜਮ੍ਹਾਂ ਰਕਮ ਧੋਖਾਧੜੀ ਨਾਲ ਕੋਈ ਹੋਰ ਕਢਵਾ ਕੇ ਲੈ ਜਾਵੇ ਤਾਂ ਫਿਰ ਆਮ ਲੋਕਾਂ ਦਾ ਵਿਸ਼ਵਾਸ ਕਿਸ ਤੇ ਰਹੇਗਾ। ਅਜਿਹੀ ਹੀ ਘਟਨਾ ਵਾਪਰੀ ਹੈ ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ ਦੇ ਫੌਜੀ ਜਵਾਨ ਗੁਰਮੇਲ ਸਿੰਘ ਨਾਲ ਜੋ ਬੇਸ਼ੱਕ ਆਪ ਤਾਂ ਸਰਹੱਦ ਤੇ ਦੇਸ਼ ਦੀ ਰਾਖੀ ਕਰ ਹੈ ਪਰ ਉਸ ਦੀ ਜਮ੍ਹਾਂ ਪੂੰਜੀ ਦੀ ਰਾਖੀ ਬੈਂਕ ਵੱਲੋਂ ਨਹੀਂ ਕੀਤੀ ਗਈ। ਫ਼ੌਜੀ ਗੁਰਮੇਲ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਮੇਲ ਸਿੰਘ ਫ਼ੌਜ ਦੀ ਨੌਕਰੀ ਕਰ ਰਿਹਾ ਹੈ।ਉਸ ਦੇ ਪਤੀ ਦਾ ਬੈਂਕ ਖਾਤਾ ਸਟੇਟ ਬੈਂਕ ਆਫ ਇੰਡੀਆ ਮੁੱਖ ਬਰਾਂਚ ਮਾਨਸਾ ਵਿਖੇ ਹੈ ਪਰ ਜਦੋਂ 21 ਅਗਸਤ ਨੂੰ ਉਹ ਬੈਂਕ ਖਾਤੇ ਵਿੱਚੋਂ ਆਪਣੇ ਨਿੱਜੀ ਕੰਮ ਲਈ ਪੈਸੇ ਕਢਵਾਉਣ ਗਏ ਤਾਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਬਕਾਇਆ ਸਿਫ਼ਰ ਸੀ ਜਦੋਂ ਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤੁਹਾਡੇ ਬੈਂਕ ਖਾਤੇ ਵਿੱਚੋਂ ਏਟੀਐਮ ਰਾਹੀਂ ਵੱਖ-ਵੱਖ ਜਗ੍ਹਾ ਤੋਂ ਢਾਈ ਲੱਖ ਦੇ ਕਰੀਬ ਰੁਪਏ ਕਢਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਏਟੀਐਮ ਦੀ ਵਰਤੋਂ ਹੀ ਨਹੀਂ ਕੀਤੀ ਗਈ। ਅਸੀਂ ਇਸ ਦੀ ਲਿਖਤੀ ਦਰਖਾਸਤ ਥਾਣਾ ਝੁਨੀਰ ਵਿਖੇ ਦਿੱਤੀ ਗਈ ਪਰ 14 ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਸਾਨੂੰ ਕੋਈ ਵੀ ਠੋਸ ਉੱਤਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਬੈਂਕ ਖਾਤੇ ਵਿੱਚੋਂ ਕਢਾਏ 23 ਲੱਖ ਰੁਪਏ ਪੰਜਾਬ ਪੁਲਸ ਸਿਰਫ ਦੋ ਦਿਨਾਂ ਵਿੱਚ ਵਾਪਸ ਲਿਆ ਦਿੰਦੀ ਹੈ ਪਰ ਦੂਸਰੇ ਪਾਸੇ ਆਮ ਲੋਕਾਂ ਦੇ ਖਾਤਿਆਂ ਵਿੱਚੋਂ ਸ਼ਾਤਰ ਦਿਮਾਗ ਲੋਕਾਂ ਵੱਲੋਂ ਧੋਖਾਧੜੀ ਕਰਕੇ ਲੱਖਾਂ ਰੁਪਿਆਂ ਦੀ ਕੀਤੀ ਹੇਰਾਫੇਰੀ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣਾ ਮਕਾਨ ਬਣਾਉਣ ਲਈ ਇਹ ਪੂੰਜੀ ਜਮ੍ਹਾਂ ਕੀਤੀ ਹੋਈ ਸੀ ਪਰ ਇਸ ਤਰ੍ਹਾਂ ਸ਼ਾਤਰ ਦਿਮਾਗ ਚੋਰਾਂ ਵੱਲੋਂ ਸਾਡੇ ਖਾਤੇ ਵਿਚੋਂ ਕਢਵਾਏ ਗਏ ਪੈਸੇ ਕਾਰਨ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਧਰ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦਾ ਕਹਿਣਾ ਹੈ ਕਿ ਸਰਹੱਦਾਂ ਤੇ ਰਾਖੀ ਕਰ ਰਹੇ ਇਕ ਫੌਜੀ ਜਵਾਨ ਦੇ ਖਾਤੇ ਵਿੱਚੋਂ ਇਸ ਤਰ੍ਹਾਂ ਪੈਸੇ ਨਿਕਲ ਜਾਣੇ ਤੇ ਅੱਜ ਤੱਕ ਉਸ ਦਾ ਕੋਈ ਸੁਰਾਗ ਨਾ ਲੱਭਣਾ ਬਹੁਤ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਐਸਐਸਪੀ ਮਾਨਸਾ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਸਾਈਬਰ ਕ੍ਰਾਈਮ ਬ੍ਰਾਂਚ ਦੀਆਂ ਸੇਵਾਵਾਂ ਲੈ ਕੇ ਚੋਰਾਂ ਦਾ ਪਤਾ ਲਗਾ ਕੇ ਕੱਢੀ ਗਈ ਬੈਂਕ ਰਾਸ਼ੀ ਵਾਪਸ ਬੈਂਕ ਖਾਤੇ ਵਿੱਚ ਪਾਈ ਜਾਵੇ।ਇਸ ਸਬੰਧੀ ਅੈਸ.ਆ੍ਈ. ਪ੍ਰਮਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣੇ ਵਿੱਚੋ ਹੀ ਪਤਾ ਕਰੋ। ਜਦੋ ਇਸ ਸਬੰਧੀ ਥਾਣਾ ਝੁਨੀਰ ਦੇ ਇੰਚਾਰਜ ਥਾਣੇਦਾਰ ਗੰਗਾ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਬਾਕੀ ਇਸ ਸਬੰਧੀ ਇੰਸਪੈਕਟਰ ਪਰਮਿੰਦਰ ਕੌਰ ਹੀ ਦੱਸਣਗੇ।