ਪੰਜਾਬ ਕਾਂਗਰਸ ਪ੍ਰਧਾਨ ਅਚਾਨਕ ਅਕਾਲੀ ਦਲ ਪ੍ਰਤੀ ਫ਼ਿਕਰਮੰਦ ਨਜ਼ਰ ਆਏ, ਹਾਲਾਂਕਿ ਇਸ ਫ਼ਿਕਰਮੰਦੀ ਪਿੱਛੇ ਪ੍ਰਧਾਨ ਸਾਹਿਬ ਦੀ ਰਾਜਨੀਤਕ ਸ਼ਰਾਰਤ ਹੀ ਲੁਕੀ ਹੈ । ਦਰਅਸਲ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਲੈਣਾ ਸੀ। ਮੌਕਾ ਬਣਿਆ ਪਰਮਿੰਦਰ ਢੀਂਡਸਾ ਵੱਲੋਂ ਅਕਾਲੀ ਦਲ ਦੇ ਅਹੁਦੇ ਨੂੰ ਛੱਡਣ ਦੇ ਸਵਾਲ ਦਾ, ਜਾਖੜ ਨੇ ਬਿਨਾ ਨਾਮ ਲਏ ਸਿੱਧਾ ਸੁਖਬੀਰ ਬਾਦਲ, ਮਜੀਠੀਆ ਤੇ ਹਰਸਿਮਰਤ ਬਾਦਲ ਵੱਲ ਨਿਸ਼ਾਨਾ ਲਾਇਆ। ਬੇਸ਼ੱਕ ਇਸ ਨਿਸ਼ਾਨੇ ਲਈ ਜਾਖੜ ਸਾਹਿਬ ਨੂੰ ਸਾਬਕਾ ਮੁੱਖ ਮੰਤਰੀ ਤੇ ਰਾਜਨੀਤਕ ਵਿਰੋਧੀ ਪ੍ਰਕਾਸ਼ ਸਿੰਘ ਬਾਦਲ ਦੀ ਤੰਜ ਭਰੀ ਤਾਰੀਫ ਵੀ ਕਰਨੀ ਪਈ।
ਸੁਨੀਲ ਜਾਖੜ ਕਹਿੰਦੇ ਹਨ ਕਿ ਲੋਕਤੰਤਰ ਦੀ ਖੂਬਸੂਰਤੀ ਲਈ ਇਕ ਮਜਬੂਤ ਵਿਰੋਧੀ ਧਿਰ ਦਾ ਹੋਣਾ ਲਾਜਮੀ ਹੈ, ਕਿਉਂਕਿ ਉਹ ਬੀਜੇਪੀ ਵਾਲੀ ਸੋਚ ਨਹੀਂ ਰੱਖਦੇ ਕਿ ਕੋਈ ਵੀ ਵਿਰੋਧੀ ਨਾ ਬਚੇ। ਜਾਖੜ ਮੁਤਾਬਿਕ ਉਹ ਚਾਹੁੰਦੇ ਹਨ ਕਿ ਅਕਾਲੀ ਦਲ ਇਕ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇ, ਤਾਂ ਕਿ ਸੂਬੇ ਦੀ ਬੇਹਤਰੀ ਲਈ ਜ਼ਿਆਦਾ ਕੰਮ ਹੋ ਸਕੇ। ਇਸੇ ਦੌਰਾਨ ਜਾਖੜ ਸਾਹਿਬ ਅਕਾਲੀ ਦਲ ਨੂੰ ਕਮਜ਼ੋਰ ਹਾਲਤ ‘ਚ ਦੱਸ ਇਸ ਸਥਿਤੀ ਲਈ ਮਜੂਦਾ ਅਕਾਲੀ ਲੀਡਰਸ਼ਿਪ ਨੂੰ ਜਿੰਮੇਵਾਰ ਦੱਸਦੇ ਨੇ, ਜਾਖੜ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ‘ਤੇ ਤੰਜ ਕਸਦਿਆਂ ਕਿਹਾ ਕਿ ਅਕਾਲੀ ਦਲ ਜਵਾਕਾਂ ਦੇ ਹੱਥ ਫੜਾ ਦਿੱਤਾ ਗਿਆ ਹੈ , ਤੇ ਆਉਣ ਵਾਲੇ ਸਮੇਂ ਸਿਰਫ ਤਿੰਨ ਹੀ ਲੀਡਰ ਬਚਣਗੇ, ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਨਾਲੋਂ S ਹਟਾ ਕੇ B ਲਗਾ ਦਿੱਤੀ ਗਈ ਹੈ, ਹੁਣ ਇਹ ਸਿਰਫ ਬਾਦਲ ਅਕਾਲੀ ਦਲ ਹੈ, ਜਿਸ ਨੇ ਕੌਮ ਦਾ ਘਾਣ ਕਰ ਦਿੱਤਾ ਹੈ।
ਜਾਖੜ ਸਾਹਿਬ ਅੱਜ ਸੁਖਬੀਰ ਬਾਦਲ ‘ਤੇ ਹਮਲਾ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕਾਰਨ ਲੱਗੇ, ਬੇਸ਼ੱਕ ਇਹ ਤੰਜ ਭਰੀ ਹੀ ਹੋਵੇ, ਜਾਖੜ ਕਹਿੰਦੇ ਨੇ ਕਿ ਜਵਾਕਾਂ ਦੇ ਹੱਥ ਕਮਾਨ ਦੇ ਕੇ ਅਕਾਲੀ ਦਲ ਦੇ ਸਿਧਾਂਤ ਖਤਮ ਕਰ ਦਿੱਤੇ। ਅਕਾਲੀ ਦਲ ਨੂੰ ਸੰਭਾਲਣਾ ਇਨ੍ਹਾਂ ਦੇ ਵੱਸ ‘ਚ ਨਹੀਂ, ਇਸੇ ਕਰਕੇ ਇੱਕ ਤੋਂ ਬਾਅਦ ਇੱਕ ਲੀਡਰ ਅਲਵਿਦਾ ਕਹਿ ਰਹੇ ਹਨ। ਪਾਰਟੀ ਨੂੰ ਸਹੀ ਕਮਾਨ ਦੇ ਕੇ ਰੱਖਣ ਦਾ ਢੰਗ ਇਸ ਨਵੀਂ ਲੀਡਰਸ਼ਿਪ ਨੂੰ ਨਹੀਂ ਆਉਂਦਾ। ਪ੍ਰਕਾਸ਼ ਸਿੰਘ ਬਾਦਲ ਇਹਨਾਂ ਲੀਡਰਾਂ ਮੁਕਾਬਲੇ ਲੱਖ ਗੁਣਾਂ ਚੰਗੇ ਸਨ, ਕਿਓਂਕਿ ਉਹਨਾਂ ਨੂੰ ਪਤਾ ਸੀ ਕਿ ਪਾਰਟੀ ਤੇ ਲੀਡਰਸ਼ਿਪ ਨੂੰ ਕਿਵੇਂ ਨਾਲ ਲੈਕੇ ਚਲਣਾ ਹੈ।