ਬਠਿੰਡਾ 28 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਸਰਖਾਨਾ ਜ਼ਿਲ੍ਹਾ – ਬਠਿੰਡਾ ਵਿਖੇ ਕੰਮ ਕਰ ਰਹੇ ਕੰਪਿਊਟਰ ਅਧਿਆਪਕ ਸ. ਗੁਰਮੀਤ ਸਿੰਘ ਸਿੱਧੂ ਦਾ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। 15 ਅਗਸਤ 2025 ਨੂੰ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ, ਬਠਿੰਡਾ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਸਨਮਾਨ ਪ੍ਰਦਾਨ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿੱਚ ਕਰਮਚਾਰੀ ਨੇ ਅਹਿਮ ਯੋਗਦਾਨ ਪਾਇਆ ਹੈ। 2020 ਤੋਂ 2024 ਤੱਕ ਜ਼ਿਲ੍ਹਾ ਮੈਂਟਰ ਕੰਪਿਊਟਰ ਸਾਇੰਸ ਬਠਿੰਡਾ ਵਜੋਂ ਕੰਮ ਕੀਤਾ। ਇਸ ਦੌਰਾਨ ਸਮਾਰਟ ਕੰਪਿਊਟਰ ਲੈਬ ਅਤੇ ਕੰਪਿਊਟਰ ਸਾਇੰਸ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ। ਕਰੋਨਾ ਕਾਲ ਦੌਰਾਨ ਆਨਲਾਈਨ ਕਲਾਸਿਜ਼, ਆਨਲਾਈਨ ਟ੍ਰੇਨਿੰਗਜ਼, ਆਨਲਾਈਨ ਪ੍ਰੀਖਿਆਵਾਂ ਅਤੇ ਐਜੂਕੇਸ਼ਨਲ਼ ਵੀਡਿਓਜ਼ ਬਣਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ। ਸਾਲ 2021 ਤੋਂ ਬਤੌਰ ਸਹਾਇਕ ਬਲਾਕ ਨੋਡਲ ਅਫ਼ਸਰ, ਮੌੜ ਵਜੋਂ ਕੰਮ ਕਰ ਰਹੇ ਹਨ। 2022 ਵਿੱਚ ਇਹਨਾਂ ਦੇ ਮਾਰਗ ਦਰਸ਼ਨ ਦੇ ਚਲਦੇ ਸਕੂਲ ਦੇ ਚਾਰ ਵਿਦਿਆਰਥੀਆਂ ਨੇ YUVAi ਮੁਕਾਬਲੇ ਵਿੱਚ ਨੈਸ਼ਨਲ ਪੱਧਰ ਤੇ ਸਥਾਨ ਪ੍ਰਾਪਤ ਕੀਤਾ। ਇਹਨਾਂ ਵੱਲੋਂ ਵਿਦਿਆਰਥੀਆਂ ਵਿੱਚ ਤਣਾਅ ਅਤੇ ਚਿੰਤਾ ਦੇ ਪੱਧਰ ਨੂੰ ਘਟਾ ਕੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਬਾਰੇ ਅਹਿਮ ਐਕਸ਼ਨ ਰਿਸਰਚ ਪ੍ਰੋਜੈਕਟ ਵਰਕ ਵੀ ਕੰਪਲੀਟ ਕੀਤਾ ਗਿਆ। ਬਲਾਕ ਨੋਡਲ ਅਫ਼ਸਰ ਮੌੜ ਸ਼੍ਰੀਮਤੀ ਜਸਵੀਰ ਕੌਰ ਨੇ ਇਹਨਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰਮਚਾਰੀ ਸਕੂਲ ਸਮੇਂ ਤੋਂ ਬਾਅਦ ਵੀ ਵਿਭਾਗੀ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਗੁਰਮੀਤ ਸਿੰਘ ਸਿੱਧੂ ਨੇ ਸਿੱਖਿਆ ਵਿਭਾਗ ਪੰਜਾਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਤਨਦੇਹੀ ਨਾਲ ਵਿਦਿਆਰਥੀਆਂ ਅਤੇ ਜ਼ਿਲ੍ਹੇ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।