ਚੰਡੀਗੜ੍ਹ 15,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਕੋਰੋਨਾ ਨੂੰ ਲੈ ਕੇ ਸਰਕਾਰ ਦੀਆਂ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਗਾਈਡਲਾਈਨਜ਼ ਤਹਿਤ ਪੰਜਾਬ ਸਰਕਾਰ ਨੇ ਕਈ ਥਾਵਾਂ ‘ਤੇ ਵੈਕਸੀਨ ਲਾਜ਼ਮੀ ਕੀਤੀ ਹੈ। ਦੱਸ ਦਈਏ ਕਿ ਸਰਕਾਰ ਵਲੋਂ ਜਾਰੀ ਨਵੀਂ ਹਦਾਇਤਾਂ ‘ਚ ਸਬਜ਼ੀ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ ਅਤੇ ਧਾਰਮਿਕ ਸਥਾਨਾਂ, ਮਾਲ, ਸਿਨੇਮਾ ਹਾਲ, ਜਿੰਮ ਅਤੇ ਹੋਟਲ, ਪ੍ਰਾਈਵੇਟ ਅਦਾਰਿਆਂ ਵਿੱਚ ਵੈਕਸੀਨ ਲਗਾਉਣੀ ਲਾਜ਼ਮੀ ਕੀਤੀ ਗਈ ਹੈ।
ਪੰਜਾਬ ਵਿੱਚ ਕੋਵਿਡ-19 ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਜਿਨ੍ਹਾਂ ਵਿਅਕਤੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਵਧੇਰੇ ਸਾਵਧਾਨੀਆਂ ਵਰਤਣ ਦੀ ਲੋੜ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਜਿਨ੍ਹਾਂ ਵਿਅਕਤੀ ਨੇ ਅਜੇ ਤੱਕ ਕੋਵਿਡ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹਨ, ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨਾਂ ‘ਤੇ ਹੀ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਜਨਤਕ ਸਥਾਨ/ਬਾਜ਼ਾਰ/ਫੰਕਸ਼ਨ/ਜਨਤਕ ਆਵਾਜਾਈ/ਧਾਰਮਿਕ ਸਥਾਨਾਂ ਆਦਿ ‘ਤੇ ਨਹੀਂ ਜਾਣਾ ਚਾਹੀਦਾ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਫਿਰ ਤੋਂ ਵੱਧਣੀ ਸ਼ੁਰੂ ਹੋ ਗਈ ਹੈ।ਮੈਡੀਕਲ ਬੁਲੇਟਿਨ ਦੇ ਅਨੁਸਾਰ, ਪੰਜਾਬ ਵਿੱਚ ਸ਼ੁੱਕਰਵਾਰ ਨੂੰ 7,642 ਨਵੇਂ ਕੇਸਾਂ ਦੇ ਨਾਲ ਕੋਰੋਨਾ ਵਾਇਰਸ ਦੀ ਗਿਣਤੀ ਵੱਧ ਕੇ 6,49,736 ਹੋ ਗਈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 16,731 ਹੋ ਗਈ ਕਿਉਂਕਿ 21 ਹੋਰ ਲੋਕ ਵਾਇਰਲ ਇਨਫੈਕਸ਼ਨ ਨਾਲ ਦਮ ਤੋੜ ਗਏ।ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਤਾਜ਼ਾ ਮਾਮਲਿਆਂ ਵਿੱਚੋਂ, ਲੁਧਿਆਣਾ ਵਿੱਚ 1,808, ਮੋਹਾਲੀ ਵਿੱਚ 1,215, ਜਲੰਧਰ 695, ਪਟਿਆਲਾ 634 ਅਤੇ ਬਠਿੰਡਾ ਵਿੱਚ 469 ਦਰਜ ਕੀਤੇ ਗਏ ਹਨ।
ਇਸ ਵਿੱਚ ਦੱਸਿਆ ਗਿਆ ਹੈ ਕਿ ਲੁਧਿਆਣਾ ਵਿੱਚ ਸੱਤ, ਜਲੰਧਰ ਤੋਂ ਚਾਰ, ਹੁਸ਼ਿਆਰਪੁਰ ਅਤੇ ਪਟਿਆਲਾ ਤੋਂ ਦੋ-ਦੋ ਅਤੇ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਮੋਗਾ, ਸੰਗਰੂਰ ਅਤੇ ਤਰਨਤਾਰਨ ਵਿੱਚ ਇੱਕ-ਇੱਕ ਮੌਤ ਹੋਈ ਹੈ।ਪੰਜਾਬ ਵਿੱਚ ਐਕਟਿਵ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਵੀਰਵਾਰ ਨੂੰ 30,384 ਤੋਂ ਵੱਧ ਕੇ ਸ਼ੁਕਰਵਾਰ ਨੂੰ 34,303 ਹੋ ਗਈ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਰਾਜ ਦੀ ਪੌਜ਼ੇਟਿਵਿਟੀ ਦਰ 21.19 ਪ੍ਰਤੀਸ਼ਤ ਹੈ, ਜੋ ਕਿ ਪਿਛਲੇ ਦਿਨ ਦੇ 17.02 ਪ੍ਰਤੀਸ਼ਤ ਤੋਂ ਵੱਧ ਹੈ।