ਕਾਂਗਰਸ ਵੱਲੋਂ ਸੁਖਬੀਰ-ਮਜੀਠੀਆ ਨੂੰ ਸਲਾਖਾਂ ਪਿੱਛੇ ਸੁੱਟਣ ਦਾ ਐਲਾਨ!

0
95

ਅੰਮ੍ਰਿਤਸਰ: ਰੱਖੜ ਪੁੰਨਿਆ ਦੇ ਇਤਿਹਾਸਕ ਮੇਲੇ ਮੌਕੇ ਕਾਂਗਰਸ ਵੱਲੋਂ ਬਾਬਾ ਬਕਾਲਾ ਵਿਖੇ ਕਰਵਾਈ ਗਈ ਸਿਆਸੀ ਕਾਨਫਰੰਸ ਵਿੱਚ ਬੇਅਦਬੀ ਦਾ ਮੁੱਦਾ ਹੀ ਛਾਇਆ ਰਿਹਾ। ਬੇਅਦਬੀ ਮੁੱਦੇ ‘ਤੇ ਕਾਰਵਾਈ ਨਾ ਹੋਣ ਕਰਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਾਂਗਰਸੀ ਵਰਕਰਾਂ ਵਿੱਚ ਲਗਾਤਾਰ ਵਧ ਰਹੇ ਗੁੱਸੇ ਬਾਰੇ ਕਿਹਾ ਕਿ ਇਸ ‘ਤੇ ਹਰ ਹਾਲ ਐਕਸ਼ਨ ਹੋਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

ਰੰਧਾਵਾ ਦੇ ਨਿਸ਼ਾਨੇ ‘ਤੇ ਬਿਕਰਮ ਮਜੀਠੀਆ ਵੀ ਰਹੇ। ਮਜੀਠੀਆ ਵੱਲੋਂ ਕਾਂਗਰਸੀਆਂ ਨੂੰ ਗੱਦਾਰ ਕਹਿਣ ‘ਤੇ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਬਾਦਲ ਦਾ ਡੀਐਨਏ ਕਰਵਾਏ। ਬਾਦਲ ਪਹਿਲੀ ਵਾਰ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਜੀਠੀਆ ਦੇ ਦਾਦੇ ਪੜਦਾਦੇ ਕਾਂਗਰਸੀ ਨੇਤਾਵਾਂ ਦੇ ਪੈਰਾਂ ਵਿੱਚ ਬੈਠੇ ਹੁੰਦੇ ਸਨ। ਬਿਕਰਮ ਦੇ ਪਰਿਵਾਰ ਨੇ ਅੰਗਰੇਜ਼ਾਂ ਦੀ ਮੁਖ਼ਬਰੀ ਕਰਕੇ ਜ਼ਮੀਨਾਂ ਬਣਾਈਆਂ ਜਿਸ ਦੇ ਬਦਲੇ ਮਹਾਰਾਜਾ ਦਲੀਪ ਸਿੰਘ ਦੇ ਮਾਤਾ ਜਿੰਦਾ ਨੂੰ ਵੀ ਗ੍ਰਿਫਤਾਰ ਕਰਵਾਇਆ।

ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮੋਦੀ ਨੇ ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਠਾਣੀ ਹੋਈ ਹੈ। ਸੁਖਬੀਰ ਬਾਦਲ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਧਾਰਾ 370 ‘ਤੇ ਮੋਦੀ ਦਾ ਸਮਰਥਨ ਕਰਨ ਵਾਲੇ ਸੁਖਬੀਰ ਬਾਦਲ ਭੁੱਲ ਗਏ ਹਨ ਕਿ ਕੇਂਦਰ ਦੀ ਤੋਪ ਦਾ ਮੂੰਹ ਪੰਜਾਬ ਵੱਲ ਵੀ ਹੋ ਸਕਦਾ ਹੈ। ਉਨ੍ਹਾਂ ਬਾਦਲ ‘ਤੇ ਹਮਲਾ ਕਰਦਿਆਂ ਕਿਹਾ ਕਿ ਬਾਦਲ ਨੂੰ ਫਖਰੇ ਕੌਮ ਨਹੀਂ ਗੱਦਾਰੀ ਕੌਮ ਦਾ ਐਵਾਰਡ ਦੇਣਾ ਚਾਹੀਦਾ ਹੈ। ਰੰਧਾਵਾ ਨੇ ਭਰੋਸਾ ਦਿੱਤਾ ਕਿ ਚਿੱਟਾ ਵੇਚਣ ਵਾਲਾ ਜੀਜੇ ਸਾਲੇ ਨੂੰ ਬਾਹਰ ਨਹੀਂ ਰਹਿਣ ਦੇਣਾ। ਉਨ੍ਹਾਂ ਨੂੰ ਸਲਾਖਾਂ ਪਿੱਛੇ ਕਰਕੇ ਦਿਖਾਵਾਂਗੇ।

NO COMMENTS