ਮਾਨਸਾ, 26 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਬੀ.ਆਈ. ਪੇਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਚਕੇਰੀਆਂ, ਮਾਨਸਾ ਵੱਲੋਂ ਆਯੋਜਿਤ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ। ਇਸ ਪ੍ਰੋਗਰਾਮ ਵਿੱਚ ਕੁੱਲ 18 ਸਿਖਿਆਰਥੀਆਂ ਨੇ ਭਾਗ ਲਿਆ ਜੋ ਪਿੰਡ ਖੇਤਰ ਵਿੱਚ ਡੇਅਰੀ ਖੇਤੀ ਨੂੰ ਇੱਕ ਆਰਥਿਕ ਰੋਜ਼ਗਾਰ ਦੇ ਸਰੋਤ ਵਜੋਂ ਵਿਕਸਿਤ ਕਰਨ ਲਈ ਤਿਆਰ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਆਰਸੈਟੀ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਪ੍ਰਸ਼ਿਕਸ਼ਣ ਦੌਰਾਨ ਸਿਖਿਆਰਥੀਆਂ ਨੂੰ ਪਸ਼ੂ ਪਾਲਣ, ਖੁਰਾਕ ਦੇ ਪ੍ਰਬੰਧ, ਦੁੱਧ ਉਤਪਾਦਨ, ਬਿਮਾਰੀਆਂ ਤੋਂ ਬਚਾਅ ਅਤੇ ਆਧੁਨਿਕ ਡੇਅਰੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਿਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਅਰੀ ਖੇਤਰ ਵਿੱਚ ਨੌਜਵਾਨਾਂ ਲਈ ਅਸੀਮਿਤ ਮੌਕੇ ਹਨ ਅਤੇ ਇਹ ਤਕਨੀਕੀ ਗਿਆਨ ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਯੋਗ ਬਣਾਏਗਾ।
ਗੈਸਟ ਫੈਕਲਟੀ ਡਾ. ਨਛੱਤਰ ਸਿੰਘ ਨੇ ਸਿਖਿਆਰਥੀਆਂ ਨੂੰ ਪਸ਼ੂਆਂ ਦੀ ਸਿਹਤ, ਟੀਕਾਕਰਨ, ਦੁੱਧ ਦੀ ਗੁਣਵੱਤਾ ਤੇ ਉਤਪਾਦਨ ਵਧਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਸਮਾਗਮ ਵਿੱਚ ਕੋ-ਆਰਡੀਨੇਟਰ ਕੁਲਵਿੰਦਰ ਸਿੰਘ, ਆਫ਼ਿਸ ਅਸਿਸਟੈਂਟ ਮਯੰਕ ਅੱਗਰਵਾਲ ਅਤੇ ਵਰੁਣ ਕੌਸ਼ਲ ਵੀ ਹਾਜ਼ਰ ਸਨ। ਉਨ੍ਹਾਂ ਨੇ ਸਿਖਿਆਰਥੀਆਂ ਦੀ ਸਹਾਇਤਾ ਕਰਦੇ ਹੋਏ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਅੰਜ਼ਾਮ ਤੱਕ ਪਹੁੰਚਾਇਆ। ਸਮਾਗਮ ਦੌਰਾਨ ਸਿਖਿਆਰਥੀਆਂ ਸਰਟੀਫਿਕੇਟ ਵੰਡੇ ਗਏ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਪ੍ਰਾਪਤ ਗਿਆਨ ਦੀ ਵਰਤੋਂ ਕਰਕੇ ਸਵੈ-ਰੋਜ਼ਗਾਰ ਸਥਾਪਤ ਕਰਨ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਨਾ ਸਿਰਫ਼ ਸਿਖਿਆਰਥੀਆਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦਾ ਸਾਧਨ ਬਣਿਆ, ਬਲਕਿ ਪਿੰਡੀ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਵਿੱਚ ਵੀ ਮਹੱਤਵਪੂਰਣ ਸਾਬਤ ਹੋਇਆ। ਭਵਿੱਖ ਵਿੱਚ ਹੋਰ ਡੇਅਰੀ ਅਤੇ ਖੇਤੀ ਸਬੰਧੀ ਤਕਨੀਕੀ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।