ਮਾਨਸਾ 5 ਅਕਤੂਬਰ (ਸਾਰਾ ਯਹਾਂ/ਜਗਦੀਸ਼ ਬਾਂਸਲ)- ਪੰਜਾਬ ਦੇ ਫਾਇਰ ਸਟੇਸ਼ਨਾਂ ਚ ਫਾਇਰ ਬ੍ਰਿਗੇਡ ਗੱਡੀਆਂ ਤੇ ਤੈਨਾਤ ਆਊਟਸੋਰਸ ਫਾਇਰ ਸਟਾਫ਼ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤੇ ਜਾਣ ਕਾਰਨ ਇਹ ਨੌਜਵਾਨ ਸੰਘਰਸ਼ ਦੇ ਰਸਤੇ ਪੈਣ ਲਈ ਮਜਬੂਰ ਹੋ ਗਏ ਨੇ
ਇਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕੀਤਾ ਜਾਂਦਾ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।
ਜਿਸ ਕਾਰਨ ਮਜਬੂਰੀ ਵੱਸ ਸਾਨੂੰ ਸੰਘਰਸ਼ ਦੇ ਰਾਹ ਪੈਣਾ ਪਿਆ।
ਪੰਜਾਬ ਦੇ ਫਾਇਰ ਸਟੇਸ਼ਨਾਂ ਚ ਤੈਨਾਤ ਦੁਖੀ ਅਤੇ ਨਿਰਾਸ਼ ਸਟਾਫ਼ ਨੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਮੁਤਾਬਿਕ 01-10-2025 ਤੋਂ 05-10-2025 ਤੱਕ ਮਜਬੂਰੀ ਵੱਸ ਕੰਮ ਛੋੜ ਹੜਤਾਲ ਕੀਤੀ ਗਈ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਤੇ ਹੁਣ ਅਸੀਂ ਅਗਲਾ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਤਿਆਰੀ ਕਰ ਰਹੇ ਹਾਂ ਅਤੇ ਮਜਬੂਰਨ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਸਮੂਹ ਆਊਟਸੋਰਸ ਫਾਇਰ ਕਰਮਚਾਰੀਆਂ ਵਲੋਂ ਵੱਡਾ ਧਰਨਾ ਲਗਾਇਆ ਜਾਵੇਗਾ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਆਊਟਸੋਰਸ ਫਾਇਰ ਸਟਾਫ਼ ਨੇ ਦੱਸਿਆ ਕਿ ਉਹ ਸਿਰਫ਼ 10,000/- ਦੀ ਨਿਗੂਣੀ ਤਨਖਾਹ ‘ਤੇ ਅੱਗ ਦੇ ਭਾਂਬੜਾਂ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਬਿਨਾਂ ਕਿਸੇ C/L ਜਾਂ ਮੈਡੀਕਲ ਛੁੱਟੀ ਦੇ
ਲੋਕਾਂ ਦੀ ਸੁਰੱਖਿਆ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੌਕਰੀ ਵਿੱਚ ਹਰ ਪਲ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਉਨ੍ਹਾਂ ਦੇ ਸ਼ਹੀਦ ਸਾਥੀ ਸ੍ਰੀ ਗਗਨਦੀਪ ਸਿੰਘ ਦੀ ਕੁਰਬਾਨੀ ਇਸ ਖ਼ਤਰੇ ਦਾ ਦਰਦਨਾਕ ਸਬੂਤ ਹੈ। ਉਨ੍ਹਾਂ ਦੱਸਿਆ ਕਿ ਮਿਤੀ 25-07-2025 ਨੂੰ ਵਿੱਤ ਮੰਤਰੀ, ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਨ੍ਹਾਂ ਨੂੰ ਕੰਟਰੈਕਟ ‘ਤੇ ਕਰਨ ਅਤੇ ਤਨਖਾਹਾਂ ਵਧਾਉਣ ਦਾ ਪੱਕਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਗਲੀਆਂ ਮੀਟਿੰਗਾਂ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਸੀ, ਜਿਸ ਵਿੱਚੋਂ ਆਖਰੀ ਮਿਤੀ 24-09-2025 ਸੀ। ਪਰ ਇਹ ਦੁਖਦਾਈ ਗੱਲ ਹੈ ਕਿ ਇਹ ਸਾਰੀਆਂ ਮੀਟਿੰਗਾਂ ਵਾਰ-ਵਾਰ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਸਮੂਹ ਸਟਾਫ਼ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ।
*ਸੁਰੱਖਿਆ ਦੀ ਘਾਟ ਅਤੇ ਸਰਕਾਰ ਨੂੰ ਜ਼ਿੰਮੇਵਾਰੀ*
ਆਊਟਸੋਰਸ ਫਾਇਰ ਸਟਾਫ਼ ਨੇ ਦੁੱਖ ਪ੍ਰਗਟਾਇਆ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਸੁਰੱਖਿਅਤ ਭਵਿੱਖ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਸੁਰੱਖਿਆ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਹਮੇਸ਼ਾ ਡਰ ਦੇ ਸਾਏ ਹੇਠ ਰਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਕਦਮ ਚੁੱਕਦੇ ਹੋਏ ਉਨ੍ਹਾਂ ਨੂੰ ਬਹੁਤ ਦੁੱਖ ਹੈ, ਖਾਸ ਕਰਕੇ ਦੀਵਾਲੀ ਦੇ ਤਿਉਹਾਰ ਦੇ ਨੇੜੇ ਹੋਣ ਕਾਰਨ। ਪਰ ਨਿਆਂ ਦੀ ਘਾਟ ਨੇ ਉਨ੍ਹਾਂ ਨੂੰ ਹੋਰ ਕੋਈ ਚਾਰਾ ਨਹੀਂ ਛੱਡਿਆ।
ਫਾਇਰ ਸਟਾਫ਼ ਨੇ ਸਪੱਸ਼ਟ ਕੀਤਾ ਕਿ ਸੰਘਰਸ਼ ਦੌਰਾਨ ਜੇਕਰ ਕੋਈ ਅੱਗ ਲੱਗਣ ਨਾਲ ਦੁਰਘਟਨਾ ਵਾਪਰਦੀ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਸਰਕਾਰ ਦੀ ਹੋਵੇਗੀ।