ਖਿਆਲਾ ਕਲਾਂ, 18 ਨਵੰਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ ) : ਐਨ ਐਚ ਐਮ ਯੂਨੀਅਨ ਪੰਜਾਬ ਦੇ ਸੱਦੇ ਤੇ ਪਿਛਲੇ 14 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਨਿਗੂਣੀਆਂ ਤਨਖਾਹਾਂ ਅਤੇ ਨਿਗੂਣੇ ਭੱਤਿਆਂ ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਵਿਖੇ 16 ਨਵੰਬਰ ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਭੱਤਿਆਂ ਵਿੱਚ ਵਾਧਾ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਦੀ ਚੰਗੀ ਸਿਹਤ ਸਬੰਧੀ ਪ੍ਰਚਾਰ ਕਰ ਰਹੀ ਹੈ ਪ੍ਰੰਤੂ ਦੂਸਰੇ ਪਾਸੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ। ਗਰਾਂਉਡ ਜ਼ੀਰੋ ਤੇ ਲੋਕਾਂ ਨੂੰ ਜਨਮ ਤੋਂ ਲੈਕੇ ਮੌਤ ਤੱਕ ਦੀਆਂ ਸਿਹਤ ਸਹੂਲਤਾਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਸਬੰਧੀ ਜਾਗਰੂਕ ਕਰਨ ਦਾ ਕੰਮ ਇਨ੍ਹਾਂ ਸਿਹਤ ਮੁਲਾਜ਼ਮਾਂ ਦੇ ਸਿਰ ਤੇ ਹੈ ਪ੍ਰੰਤੂ ਸਰਕਾਰਾਂ ਨੇ ਇਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ। ਅੱਜ ਇਸੇ ਲੜ੍ਹੀ ਤਹਿਤ ਸਿਹਤ ਬਲਾਕ ਖਿਆਲਾ ਕਲਾਂ ਵਿਖੇ ਇੱਕ ਵਿਸ਼ਾਲ ਰੋਸ਼ ਧਰਨਾ ਰੈਗੂਲਰ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਦਿੱਤਾ ਗਿਆ। ਇਸ ਧਰਨੇ ਵਿੱਚ ਬੋਲਦਿਆਂ ਐਨ ਐਚ ਐਮ ਯੂਨੀਅਨ ਦੇ ਪ੍ਰਧਾਨ ਮਨਦੀਪ ਕੌਰ ਸੀ ਐਚ ਓ ਨੇ ਦੱਸਿਆ ਕਿ ਕਿ ਹਰ ਸਿਹਤ ਕੇਂਦਰ ਵਿਚ ਸਿਹਤ ਵਿਭਾਗ ਦੇ ਟੀਚਿਆਂ ਅਤੇ ਕੰਮਾਂ ਦਾ ਬਹੁਤ ਜ਼ਿਆਦਾ ਭਾਰ ਹੈ ਪ੍ਰੰਤੂ ਫਿਰ ਵੀ ਉਹ ਨਿਗੂਣੀਆਂ ਤਨਖਾਹਾਂ ਲੈਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਦੇ ਨਾਲ-ਨਾਲ ਟੀਚਿਆਂ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਦੇ ਹਨ। ਹਰਪ੍ਰੀਤ ਕੌਰ ਸਟਾਫ ਨਰਸ ਨੇ ਬੋਲਦਿਆਂ ਕਿਹਾ ਕਿ ਐਨ ਐਚ ਐਮ ਵਿੱਚ ਕੰਮ ਕਰ ਰਹੀਆਂ ਸਟਾਫ ਨਰਸਾਂ ਦਿਨ ਰਾਤ ਲੋਕਾਂ ਨੂੰ ਜੱਚਾ ਬੱਚਾ ਸੇਵਾਵਾਂ ਦੇ ਰਹੀਆਂ ਹਨ ਪ੍ਰੰਤੂ ਉਸ ਦੇ ਬਾਵਜੂਦ ਉਨਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਬਹੁਤ ਹੀ ਨਿਗੂਣੀ ਤਨਖਾਹ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। ਜਿਸ ਨਾਲ ਪਰਿਵਾਰਾਂ ਦਾ ਗੁਜਾਰਾ ਕਰਨਾ ਮੁਸ਼ਕਲ ਹੈ। ਇਸ ਧਰਨੇ ਵਿੱਚ ਪੀ ਸੀ ਐਮ ਐੱਸ ਐਸੋਸੀਏਸ਼ਨ ਵੱਲੋਂ ਭਰਪੂਰ ਸਮਰਥਨ ਦਿੰਦੇ ਹੋਏ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਕਰਮਚਾਰੀ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਅਤੇ ਵਿਭਾਗ ਦੇ ਟੀਚੇ ਪ੍ਰਾਪਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਕਿਰਨਜੀਤ ਕੌਰ ਏ ਐਨ ਐਮ ਨੇ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਸੁਰਿੰਦਰ ਕੌਰ ਆਸ਼ਾ ਫਸਿਲੀਟੇਟਰ ਨੇ ਆਸ਼ਾ ਵਰਕਰਾਂ ਅਤੇ ਆਸ਼ਾ ਫਸਿਲੀਟੇਟਰ ਦੇ ਮਾਣ ਭੱਤੇ ਵਧਾਉਣ ਦੀ ਮੰਗ ਕੀਤੀ। ਐਸ ਐਮ ਓ ਖਿਆਲਾ ਕਲਾਂ ਡਾਕਟਰ ਹਰਦੀਪ ਸ਼ਰਮਾ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਐਨ ਐਚ ਐਮ ਕਾਮਿਆਂ ਅਤੇ ਆਸ਼ਾ ਵਰਕਰਾਂ ਵੱਲੋਂ ਐਸ ਐਮ ਓ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ। ਇਸ ਉਪਰੰਤ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ। ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਪੰਜਾਬ ਸਟੇਟ ਨੇ ਫੈਸਲਾ ਲਿਆ ਹੈ ਕਿ ਸੰਘਰਸ਼ ਕਰ ਰਹੇ ਕਰਮਚਾਰੀਆਂ ਦੇ ਕੰਮ ਦਾ ਸਬਸਟੀਚਿਉਟ ਨਹੀਂ ਬਣਿਆ ਜਾਵੇਗਾ। ਇਸ ਰੋਸ ਧਰਨੇ ਵਿੱਚ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ , ਫਾਰਮੇਸੀ ਅਫਸਰਜ਼ ਐਸੋਸੀਏਸ਼ਨ, ਪੀ ਸੀ ਐਮ ਐੱਸ ਐਸੋਸੀਏਸ਼ਨ ਅਤੇ ਆਸ਼ਾ ਯੂਨੀਅਨ ਦੇ ਬੁਲਾਰਿਆਂ ਵਿੱਚ ਜਗਦੀਸ਼ ਸਿੰਘ, ਚਾਨਣ ਦੀਪ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਬੀ ਈ ਈ, ਸ਼ਿੰਦਰ ਕੌਰ, ਦਿਲਰਾਜ ਕੌਰ ਆਦਿ ਨੇ ਸੰਬੋਧਨ ਕੀਤਾ।