ਮਾਨਸਾ 24 ਜਨਵਰੀ (ਬਪਸ):ਹਲਕਾ ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਦੇ ਨੌਜਵਾਨ ਕਿਸਾਨ ਰਾਮ ਸਿੰਘ ਪੁੱਤਰ ਨਾਜ਼ਰ ਨੇ ਕਰਜੇ ਤੋ ਤੰਗ ਆਕੇ ਆਰਥਿਕ ਤੰਗੀ ਤੇ ਚੱਲਦਿਆ ਸਲਫਾਸ ਨਿਕਲਕੇ ਖੁਦਕਸੀ ਕਰ ਲਈ ਹੈ। ਜਿਕਰਯੋਗ ਹੈ ਕਿ ਰਾਮ ਸਿੰਘ ਦੇ ਪਿਤਾ ਨਾਜ਼ਰ ਸਿੰਘ ਨੇ ਵੀ ਆਰਥਿਕ ਤੰਗੀ ਕਾਰਨ ਦੋ-ਢਾਈ ਸਾਲ ਪਹਿਲਾਂ ਖੁਦਕਸੀ ਕਰ ਲਈ ਸੀ।ਰਾਮ ਸਿੰਘ ਪਾਸ ਦੋ ਏਕੜ ਜ਼ਮੀਨ ਸੀ ਜਿਸ ਵਿੱਚੋਂ ਇੱਕ ਏਕੜ ਜ਼ਮੀਨ ਆਪਣੀਆਂ ਦੋ ਭੈਣਾਂ ਦੇ ਵਿਆਹ ਕਰਨ ਸਮੇਂ ਵੇਚ ਦਿੱਤੀ ਸੀ ਅਤੇ ਦੋ ਕਨਾਲਾ ਜ਼ਮੀਨ ਆਪਣੀ ਮਾਂ ਜਸਵਿੰਦਰ ਕੌਰ ਦੇ ਇਲਾਜ ਕਰਾਉਣ ਸਮੇਂ ਵਿਕ ਗਈ। ਉਹ ਛੇ ਕਨਾਲ ਜ਼ਮੀਨ ਨਾਲ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਦਾ ਚਾਰ ਲੱਖ ਰੁਪਏ ਦਾ ਕਰਜ਼ਾ ਦੇਣਾ ਸੀ। ਜਿਸ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਰਾਮ ਸਿੰਘ ਦੀ ਮਾਤਾ ਜਸਵਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਕਰਜ਼ੇ ਦੇ ਇਸ ਦੈਂਤ ਨੇ ਪਹਿਲਾਂ ਉਸ ਦਾ ਪਤੀ ਉਸ ਤੋਂ ਖੋਹ ਲਿਆ ਤੇ ਹੁਣ ਉਸ ਦਾ ਨੌਜਵਾਨ ਪੁੱਤ ਕਰਜ਼ੇ ਦੀ ਭੇਟ ਚੜ੍ਹ ਗਿਆ। ਉਸ ਨੇ ਕੈਪਟਨ ਸਰਕਾਰ ਤੇ ਰੋਸ ਜਤਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕਰ ਲਈ ਪਰ ਕਰਜ਼ਾ ਮਾਫ਼ ਨਹੀਂ ਕੀਤਾ। ਜੇਕਰ ਕੈਪਟਨ ਸਰਕਾਰ ਉਨ੍ਹਾਂ ਦਾ ਕਰਜ਼ਾ ਮਾਫ਼ ਕਰ ਦਿੰਦੀ ਤਾਂ ਅੱਜ ਉਸ ਦਾ ਨੌਜਵਾਨ ਪੁੱਤਰ ਖ਼ੁਦਕੁਸ਼ੀ ਨਾ ਕਰਦਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ , ਸਤਪਾਲ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ ਤੇ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ।