ਨਵੀਂ ਦਿੱਲੀ(ਸਾਰਾ ਯਾਹਾ) — ਹੁਣ ਜਲਦ ਹੀ ਰਾਸ਼ਟਰੀ ਰਾਜਮਾਰਗ ‘ਤੇ ਜਿੰਨੀ ਦੂਰੀ ਦਾ ਸਫਰ ਤੁਸੀਂ ਗੱਡੀ ‘ਚ ਤੈਅ ਕਰੋਗੇ ਤੁਹਾਡੇ ਕੋਲੋਂ ਟੋਲ ਵੀ ਓਨਾ ਹੀ ਲਿਆ ਜਾਵੇਗਾ। ਜਦੋਂ ਵੀ ਤੁਸੀਂ ਰਾਸ਼ਟਰੀ ਰਾਜਮਾਰਗ ‘ਤੇ ਟੋਲ ਅਦਾ ਕਰੋਗੇ, ਤਾਂ ਸੜਕ ‘ਤੇ ਤੁਹਾਡੇ ਵਾਹਨ ਵੱਲੋਂ ਤੈਅ ਕੀਤੀ ਗਈ ਅਸਲ ਦੂਰੀ ‘ਤੇ ‘ਜਿਓ-ਫੇਂਸਿੰਗ’ ਨਾਲ ਨਜ਼ਰ ਰੱਖੀ ਜਾਵੇਗੀ। ਇਸ ਸੁਵਿਧਾ ਦਾ ਪ੍ਰਯੋਗਿਕ ਪ੍ਰੀਖਣ ਅਗਲੇ ਕੁਝ ਹਫਤਿਆਂ ‘ਚ ਦਿੱਲੀ-ਮੁੰਬਈ ਰਾਜਮਾਰਗ ‘ਤੇ ਸ਼ੁਰੂ ਹੋਣ ਦੀ ਉਮੀਦ ਹੈ। ‘ਜਿਓ-ਫੇਂਸਿੰਗ’ ‘ਚ ਜੀ. ਪੀ. ਐੱਸ. ਜਾਂ ਰੇਡੀਓ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦੀ ਮਦਦ ਨਾਲ ਸਾਫਟਵੇਅਰ ਇਹ ਦੱਸਣ ‘ਚ ਸਮਰਥ ਹੁੰਦਾ ਹੈ ਕਿ ਗੱਡੀ ਕਦੋਂ ਸੰਬੰਧਤ ਖੇਤਰ ‘ਚ ਦਾਖਲ ਹੋਈ ਜਾਂ ਕਦੋਂ ਉਸ ਖੇਤਰ ‘ਚੋਂ ਬਾਹਰ ਨਿਕਲੀ। ਇਕ ਅਧਿਕਾਰੀ ਮੁਤਾਬਕ, ਇਸ ਨਵੀਂ ਤਕਨੀਕ ਦਾ ਪ੍ਰੀਖਣ ਅਗਲੇ ਦੋ ਤੋਂ ਤਿੰਨ ਹਫਤਿਆਂ ‘ਚ ਦਿੱਲੀ-ਮੁੰਬਈ ਰਾਜਮਾਰਗ ‘ਤੇ ਸ਼ੁਰੂ ਕੀਤਾ ਜਾਵੇਗਾ। ਇਸ ਵਾਸਤੇ ਰਾਜਮਾਰਗ ਦੇ ਹਰੇਕ ਪ੍ਰਵੇਸ਼ ਅਤੇ ਨਿਕਾਸੀ ਸਥਾਨ ‘ਤੇ ਟੋਲ ਪਲਾਜ਼ਾ ਸਥਾਪਤ ਕੀਤਾ ਜਾ ਸਕਦਾ ਹੈ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਯਾਤਰੀ ਕੋਲੋਂ ਸਿਰਫ ਤੈਅ ਕੀਤੀ ਗਈ ਦੂਰੀ ਲਈ ਹੀ ਟੋਲ ਚਾਰਜ ਕੀਤਾ ਗਿਆ।