ਮਾਨਸਾ 28 ਨਵੰਬਰ (ਬਪਸ):ਪੰਜਾਬ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਨਾਰਥ ਇੰਡੀਆ ਜ਼ੋਨ ਦੇ ਖੇਡ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਡੀਪੀ ਅਧਿਆਪਕ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜੰਮੂ ਵਿਖੇ ਹੋਈਆਂ ਨਾਰਥ ਇੰਡੀਆ ਜ਼ੋਨ ਪੈਨਸਿਕ ਸਲਾਟ ਗੇਮਾਂ ਵਿੱਚ ਪੰਜਾਬ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਗੋਲਡ ਮੈਡਲ ਅਤੇ ਚਾਰ ਕਾਂਸੀ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਫਾਈਨਲ ਮੁਕਾਬਲਿਆਂ ਵਿੱਚ ਪੈਨਸਿਕ ਸਲਾਟ ਖੇਡਦਿਆਂ ਅਰਮਾਨਦੀਪ ਸਿੰਘ, ਹਰਮਨਜੋਤ ਸਿੰਘ ਅਤੇ ਹਰਮਨ ਸਿੰਘ ਨੇ ਨਾਰਥ ਜ਼ੋਨ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ। ਇਸ ਤਰ੍ਹਾਂ ਹੀ ਰਾਜਦੀਪ ਸਿੰਘ, ਰਵਿੰਦਰ ਸਿੰਘ, ਗਗਨਦੀਪ ਸਿੰਘ ਅਤੇ ਪ੍ਰੀਤ ਅਰਮਾਨ ਸਿੰਘ ਵੱਲੋਂ ਪੈਨਸਿਕ ਸਲਾਟ ਖੇਡਦਿਆਂ ਕਾਂਸੀ ਦੇ ਤਗਮੇ ਜਿੱਤਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਨਾਰਥ ਇੰਡੀਆ ਜ਼ੋਨ ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਪੱਲਵੀ ਅਰੋੜਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਵਿਦਿਆਰਥੀ ਆਦਿ ਹਾਜ਼ਰ ਸਨ।