ਮਾਨਸਾ 22 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਅੱਜ ਡੇਰਾ ਬਾਬਾ ਮਸਤ ਰਾਮ ਐਕਸ਼ਨ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੀ ਪਿੰਡ ਰੱਲਾ ਦੇ ਵਿਅਕਤੀਆਂ ਉੱਤੇ ਕੀਤੇ ਝੂਠੇ ਇਰਾਦਾ ਕਤਲ ਦੇ ਪਰਚਿਆਂ ਨੂੰ ਰੱਦ ਕਰਵਾਉਣ ਦੇ ਸੰਬੰਧ ਵਿੱਚ ਸਾਂਝੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਐਕਸਨ ਕਮੇਟੀ ਦੇ ਪ੍ਰਧਾਨ ਸੁਦਾਗਰ ਸਿੰਘ ਰੱਲਾ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਉੱਤੇ ਪਿੰਡ ਰੱਲਾ ਦੇ ਵਿਅਕਤੀਆਂ ਦੇ ਪਾਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਲਗਾਤਾਰ ਨੌਵੇਂ ਦਿਨ ਦੇ ਸੰਘਰਸ਼ ਦੇ ਰਿਵਿਊ ਅਤੇ ਅਗਲੇ ਐਕਸ਼ਨ ਦੀ ਤਿਆਰੀ ਵਜੋਂ ਕੀਤੀ ਗਈ । ਜ਼ਿਕਰਯੋਗ ਹੈ ਕਿ ਡੇਰਾ ਐਕਸ਼ਨ ਕਮੇਟੀ ਵੱਲੋਂ ਥਾਣਾ ਜੋਗਾ ਦੇ ਅੱਗੇ 14 ਜਨਵਰੀ ਤੋਂ ਧਰਨਾ ਚੱਲ ਰਿਹਾ ਹੈ । ਪਿਛਲੇ ਦਿਨਾਂ ਵਿੱਚ ਬਰਨਾਲਾ-ਮਾਨਸਾ ਮੁੱਖ ਮਾਰਗ ਦੇ ਜਾਮ ਦੇ ਐਕਸ਼ਨ ਕਮੇਟੀ ਦੇ ਸੱਦੇ ਤੋਂ ਹਰਕਤ ਵਿੱਚ ਆਏ ਪ੍ਰਸ਼ਾਸਨ ਵੱਲੋਂ ਇਹਨਾਂ ਪਰਚਿਆਂ ਨੂੰ 21 ਜਨਵਰੀ ਤੱਕ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਆਪਣੀ ਵਾਅਦਾ ਖਿਲਾਫੀ ਦੀ ਪਿਰਤ ਨੂੰ ਅੱਗੇ ਤੋਰਦਿਆਂ ਅੱਜ ਫੇਰ ਪਰਚਿਆਂ ਨੂੰ ਰੱਦ ਕਰਨ ਚ ਆਨਾ ਕੀਤੀ ਜਾ ਰਹੀ ਹੈ । ਜਿਸਦੇ ਵਿਰੋਧ ਵਜੋਂ ਐਕਸ਼ਨ ਕਮੇਟੀ ਵੱਲੋਂ ਜਿਲਾ ਪੁਲਿਸ ਪ੍ਰਸ਼ਾਸਨ ਦੀ ਕਾਰਜ ਸ਼ੈਲੀ ਉੱਤੇ ਸਵਾਲ ਖੜੇ ਕਰਦਿਆਂ ਗਣਤੰਤਰ ਦਿਵਸ ਮੌਕੇ ਇਸ ਸਿਸਟਮ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਰਵਈਆ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਲੋਕ ਆਵਾਜ਼ ਨੂੰ ਦੱਬਣ ਦਾ ਜਾਹਿਰ ਹੋ ਰਿਹਾ ਹੈ । ਪ੍ਰਸ਼ਾਸਨ ਨੂੰ ਇਸ ਉੱਤੇ ਫੌਰੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ । ਉਹਨਾਂ ਕਿਹਾ ਕਿ ਡੇਰਾ ਐਕਸ਼ਨ ਕਮੇਟੀ ਵੱਲੋਂ ਮਜਬੂਰ ਬਾਰ-ਬਾਰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਵਾਅਦਾਖਿਲਾਫੀ ਨੂੰ ਦੇਖਦਿਆਂ ਗਣਤੰਤਰ ਦਿਵਸ ਮੌਕੇ ਆ ਰਹੇ ਮਹਿਮਾਨ ਦਾ ਮਜਬੂਰ ਹੋ ਕੇ ਵਿਰੋਧ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੀ ਸਾਰੀ ਜਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ । ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਜੋਗਾ ਅੱਗੇ ਚੱਲ ਰਿਹਾ ਮੋਰਚਾ ਜਿਉਂ ਦਾ ਤਿਉਂ ਮੱਘਦਾ ਰਹੇਗਾ । ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਤਰਸੇਮ ਸਿੰਘ ਸੇਮਾ, ਨਿਰਮਲ ਸਿੰਘ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਮੱਖਣ ਸਿੰਘ ਭੈਣੀ ਬਾਘਾ, ਲਖਵੀਰ ਸਿੰਘ ਅਕਲੀਆ, ਗੁਰਜੀਤ ਸਿੰਘ, ਗੁਰਦੇਵ ਸਿੰਘ ਬਰਾੜ, ਹਰਦੀਪ ਸਿੰਘ, ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੁਲਵੰਤ ਸਿੰਘ, ਯੁਗਰਾਜ ਸਿੰਘ ਆਦਿ ਮੌਜੂਦ ਰਹੇ ।