Oplus_131072
ਮਾਨਸਾ, 13 ਮਈ (ਸਾਰਾ ਯਹਾਂ/ਜਗਤਾਰ ਧੰਜਲ)-ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਮੁਨੀ ਜੀ ਦੀ ਮੌਤ ਨੂੰ ਲੈ ਕੇ ਸ਼ੰਕਾ ਖੜ੍ਹੀ ਹੋ ਗਈ ਹੈ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੂੰ ਕੁਦਰਤੀ ਵਰਤਾਰਾ ਨਾ ਮੰਨ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਹਾਈਕੋਰਟ, ਪੰਜਾਬ ਪੁਲਸ, ਵਿਜੀਲੈਂਸ, ਸੀ.ਬੀ.ਆਈ ਆਦਿ ਤੋਂ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਮਾਨਸਾ ਖੁਰਦ ਵਾਸੀ ਰਾਜਵੀਰ ਸਿੰਘ, ਗੁਰਵਿੰਦਰ ਸਿੰਘ ਰਿੰਪੀ, ਮਨਪ੍ਰੀਤ ਸਿੰਘ, ਰਜਿੰਦਰ ਸਿੰਘ ਆਦਿ ਨੇ ਇਕ ਮੀਟਿੰਗ ਕਰਨ ਉਪਰੰਤ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ, ਐਸ.ਐਸ.ਪੀ ਮਾਨਸਾ ਅਤੇ ਚੌਕਸੀ ਵਿਭਾਗ ਆਦਿ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਸਿੱਟ ਬਣਾ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਮਹੰਤ ਅੰਮ੍ਰਿਤ ਮੁਨੀ ਪੰਜਾਬ ਉਦਾਸੀਨ ਭੇਖ ਮੰਡਲ ਦੇ ਸੂਬਾ ਪ੍ਰਧਾਨ ਸਨ। 6 ਮਈ ਨੂੰ ਉਨ੍ਹਾਂ ਦੀ ਅਚਾਨਕ ਹੋਈ ਮੌਤ ਦੇ ਪਿੱਛੇ ਵੱਡੇ ਕਾਰਨ ਜਾਪਦੇ ਹਨ। ਉਨ੍ਹਾਂ ਲਿਖਿਆ ਹੈ ਕਿ ਮਹੰਤ ਅੰਮ੍ਰਿਤ ਮੁਨੀ ਦਾ ਪੋਸਟ ਮਾਰਟਮ ਕਰਨ ਉਪਰੰਤ ਡੇਰੇ ਨੂੰ ਕੰਟਰੋਲ ਰੱਖ ਰਹੇ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਵੀ ਬਦਲ ਦਿੱਤੇ ਗਏ ਹਨ। ਜਿਸ ਤੋਂ ਸ਼ੰਕਾ ਹੁੰਦੀ ਹੈ ਕਿ ਡੇਰੇ ਦਾ ਹੀ ਕੋਈ ਵਿਅਕਤੀ ਇਹ ਸਭ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਵਿਚ ਡੇਰੇ ਦੀਆਂ ਅਨੇਕਾਂ ਗਤੀਵਿਧੀਆਂ ਲੁਕੀਆਂ ਹੋਈਆਂ ਹਨ। ਇਸ ਕਰਕੇ ਇਹ ਸਮਾਨ ਖੁਰਦ ਬੁਰਦ ਕਰਨ ਵਾਲਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸ਼ੰਕਾ ਪ੍ਰਗਟਾਈ ਕਿ ਡੇਰਾ ਮੁਖੀ ਵਲੋਂ ਫਰਵਰੀ ਮਹੀਨੇ ਵਿਚ ਥਾਣਾ ਸਿਟੀ 1 ਵਿਖੇ ਡੇਰੇ ਵਿਚੋਂ ਕੁੱਝ ਸਮਾਨ ਚੋਰੀ ਹੋਣ ਸਬੰਧੀ ਅਰਜੀ ਵੀ ਦਿੱਤੀ ਗਈ ਸੀ। ਜਿਸ ਵਿਚ ਸਮਝੌਤਾ ਹੋ ਗਿਆ ਸੀ। ਇਸ ਨੂੰ ਲੈ ਕੇ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਸਾਲਾਸਰ ਵਿਖੇ ਬਿਮਾਰ ਹੋਏ, ਇਸ ਨੂੰ ਲੈ ਕੇ ਹਾਜ਼ਰ ਵਿਅਕਤੀਆਂ ਦੇ ਬਿਆਨ ਕਲਮਬੰਦ ਹੋਣੇ ਚਾਹੀਦੇ ਹਨ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਸਾਰੀ ਰਿਕਾਰਡਿੰਗ ਪੁਲਸ ਨੂੰ ਕਬਜੇ ਵਿਚ ਲੈਣੀ ਚਾਹੀਦੀ ਹੈ। ਕਿਉਂਕਿ ਡੇਰਾ ਮੁਖੀ ਸਾਲਾਸਰ ਤੋਂ ਵਾਪਸ ਆ ਕੇ ਜਿਹੜੇ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਰਹੇ, ਉਨ੍ਹਾਂ ਨੂੰ ਜੋ ਦਵਾਈਆਂ ਦਿੱਤੀਆਂ ਗਈਆਂ, ਬਿਮਾਰੀ ਦੇ ਲੱਛਣਾਂ, ਮੈਡੀਕਲ ਹਿਸਟਰੀ ਦਾ ਸਾਰਾ ਰਿਕਾਰਡ ਘੋਖਣਾ ਚਾਹੀਦਾ ਹੈ। ਉਨ੍ਹਾਂ ਆਪਣੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਡੇਰਾ ਮੁਖੀ ਦੇ 40 ਕਰੋੜ ਤੋਂ ਵੱਧ ਰੁਪਏ ਸ਼ਹਿਰ ਅਤੇ ਹੋਰ ਸ਼ਹਿਰਾਂ ਦੇ ਲੋਕਾਂ ਵਿਚ ਵਿਆਜ ਜਾਂ ਜਾਇਦਾਦਾਂ ਦੇ ਖਰੀਦ ਵੇਚ ਵਿਚ ਚੱਲ ਰਹੇ ਸਨ। ਜਿਸ ਦਾ ਸਾਰਾ ਹਿਸਾਬ ਕਿਤਾਬ ਡੇਰੇ ਦੇ ਲੇਖਾਕਾਰ ਕੋਲ ਹਨ। ਇਸ ਲਈ ਉਸ ਦੇ ਬਿਆਨ ਵੀ ਕਲਮਬੰਦ ਕਰਵਾ ਕੇ ਮੈਜਿਸਟਰੇਟ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਉਸ ਤੇ ਕੋਈ ਵਿਵਾਦ ਨਾ ਹੋਵੇ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਭਾਈ ਗੁਰਦਾਸ ਦਾ ਜੋ ਟਰੱਸਟ ਬਣਿਆ ਹੋਇਆ ਹੈ ਉਸ ਦੇ ਮੁੱਢਲੇ ਮੈਂਬਰ ਕੌਣ ਸਨ, ਹੁਣ ਕੌਣ ਹਨ ਅਤੇ ਜਿਹੜੇ ਮੈਂਬਰ ਬਦਲੇ ਗਏ ਹਨ ਉਨ੍ਹਾਂ ਵਿਚ ਕਿਹੜੇ ਦਸਤਾਵੇਜ ਵਰਤੇ ਗਏ ਹਨ ਉਸ ਦਾ ਸਾਰਾ ਰਿਕਾਰਡ ਪੁਲਸ ਨੂੰ ਕਬਜੇ ਵਿਚ ਲੈ ਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਪੱਤਰ ਵਿਚ ਇਹ ਸ਼ੰਕਾ ਜਾਹਿਰ ਕੀਤੀ ਹੈ ਕਿ ਡੇਰਾ ਮੁਖੀ ਅੰਮ੍ਰਿਤ ਮੁਨੀ ਨੂੰ ਕੋਈ ਧੀਮਾ ਜਹਿਰ, ਕੋਈ ਨਸ਼ੀਲਾ ਪਦਾਰਥ ਜਾਂ ਰਸਾਇਣਿਕ ਪਦਾਰਥ ਵੀ ਦਿੱਤਾ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ਦਾ ਨੁਕਸਾਨ ਹੁੰਦਾ ਰਿਹਾ ਤੇ ਉਹ ਮੌਤ ਦੇ ਮੂੰਹ ਵਿਚ ਚਲੇ ਗਏ। ਇਸ ਮਾਮਲੇ ਦੀ ਪੂਰੀ ਜਾਂਚ ਕਰਵਾ ਕੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਚਾਹੁੰਦੇ ਹਨ ਕਿ ਡੇਰਾ ਮੁਖੀ ਦੀ ਮੌਤ ਦਾ ਪੂਰਾ ਸੱਚ ਅਤੇ ਅਸਲੀ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਕਿਉਂਕਿ ਡੇਰੇ ਨਾਲ ਪਿੰਡ ਵਾਸੀਆਂ ਦੀ ਵੱਡੀ ਸ਼ਰਧਾ ਜੁੜੀ ਹੋਈ ਹੈ ਅਤੇ ਇਸ ਡੇਰੇ ਦੇ ਮੁਖੀ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣੀ ਬਰਦਾਸ਼ਤ ਨਹੀਂ ਹੋ ਰਹੀ। ਜਿਸ ਨੂੰ ਲੈ ਕੇ ਸ਼ਰਧਾਲੂ ਅਤੇ ਪਿੰਡ ਵਾਸੀ ਦੁਖੀ ਹਨ।