ਮਾਨਸਾ 28 ਅਕਤੂਬਰ (ਬਪਸ): ਮਾਲਵਾ ਵਿਰਾਸਤ ਕਲਾ ਮੰਚ ਬਲਾਕ ਝੁਨੀਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ । ਮੰਚ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਐੱਚ ਡੀ ਐੱਫ ਸੀ ਬੈਂਕ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 60 ਸਵੈ-ਇੱਛਤ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਜਗਦੇਵ ਸਿੰਘ ਥਾਣਾ ਮੁਖੀ ਝੁਨੀਰ ਨੇ ਕੀਤਾ। ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਖ਼ੂਨ ਇਕੱਤਰ ਕਰਨ ਲਈ ਪਹੁੰਚੀ। ਕੈਂਪ ਦੇ ਮੁੱਖ ਮਹਿਮਾਨ ਸੰਜੀਵ ਗੋਇਲ ਡੀਐਸਪੀ ਸਰਦੂਲਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਸਮੂਹ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨ ਦਾਨ ਸਭ ਤੋਂ ਉੱਤਮ ਦਾਨ ਹੈ । ਖੂਨਦਾਨ ਕਰਨ ਵਾਲੇ ਖੂਨਦਾਨੀ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਇਨ੍ਹਾਂ ਵੱਲੋਂ ਦਾਨ ਕੀਤੇ ਗਏ ਖੂਨ ਨਾਲ ਰੋਜ਼ਾਨਾ ਹੀ ਹਾਦਸਿਆਂ ਵਿੱਚ ਖ਼ੂਨ ਦੀ ਕਮੀ ਨਾਲ ਮਰਨ ਵਾਲੀਆਂ ਅਤੇ ਗੰਭੀਰ ਬੀਮਾਰੀਆਂ ਨਾਲ ਮਰਨ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਨਰੇਸ਼ ਕੁਮਾਰ ਸਿੰਗਲਾ, ਹਰੀ ਚੰਦ ਸਿੰਗਲਾ, ਗੁਰਪ੍ਰੀਤ ਸਿੰਘ ਝੰਡਾ ਕਲਾਂ, ਬਲਦੇਵ ਸਿੰਘ ਖਿੱਲਣ, ਬੋਘਾ ਸਿੰਘ, ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ ਭੰਮਾ, ਅਮਨਦੀਪ ਜੋਗਾ, ਵਿਜੈ ਕੁਮਾਰ ਮਾਨਸਾ ਆਦਿ ਹਾਜ਼ਰ ਸਨ।