ਮਾਨਸਾ, 9 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਕਿਹਾ ਕਿ ਜ਼ਿਲ੍ਹਾ ਵਾਸੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਜਾਂ ਤੱਥਹੀਣ ਗੱਲਾਂ ਤੋਂ ਸੁਚੇਤ ਰਹਿਣ ਅਤੇ ਸ਼ੋਸ਼ਲ ਮੀਡੀਆ ਜਾਂ ਕਿਸੇ ਹੋਰ ਸਾਧਨਾਂ ਰਾਹੀਂ ਪ੍ਰਾਪਤ ਅਫ਼ਵਾਹਾਂ ਤੇ ਵਿਸ਼ਵਾਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਹੋਣਗੀਆਂ ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਸਮੇਂ-ਸਮੇਂ ਤੇ ਜਾਣੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਮੀਡੀਆ ਅਤੇ ਆਮ ਜਨਤਾ ਆਪਣੀ ਉਸਾਰੀ ਭੂਮਿਕਾ ਨਿਭਾਵੇ ਅਤੇ ਕੋਈ ਵੀ ਵੀਡੀਉ ਜਾਂ ਤਸਵੀਰ ਪ੍ਰਸ਼ਾਸ਼ਨ ਜਾਂ ਫੌਜ਼ ਦੀ ਪੁਸ਼ਟੀ ਤੋਂ ਬਿਨ੍ਹਾਂ ਪ੍ਰਕਾਸ਼ਿਤ ਨਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਤੱਥਹੀਣ ਗਲਾਂ, ਖ਼ਬਰਾਂ ਜਾਂ ਤਸਵੀਰਾਂ ਨੂੰ ਅੱਗੇ ਸ਼ੇਅਰ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਿਨ੍ਹਾਂ ਵਜ੍ਹਾ ਹੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਫ਼ਵਾਹਾਂ ਫੈਲਾਅ ਰਿਹਾ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਰਹੱਦ ਤੇ ਬਣੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਅਪੀਲ ਕੀਤੀ ਕਿ ਲੋਕ ਬਿਲਕੁੱਲ ਵੀ ਘਬਰਾਉਣ ਨਾ ਬਲਕਿ ਅਜਿਹੇ ਹਾਲਾਤਾਂ ਵਿਚ ਹਰੇਕ ਨਾਗਰਿਕ ਨੂੰ ਸੁਚੇਤ ਅਤੇ ਜਿੰਮੇਵਾਰੀ ਵਾਲੀ ਭੁਮਿਕਾ ਨਿਭਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦ ਕੋਈ ਖਤਰੇ ਦਾ ਸੰਕੇਤ ਮਿਲਦਾ ਹੈ ਤਾਂ ਬਲੈਕਆਉਟ ਕੀਤਾ ਜਾਵੇਗਾ। ਇਸ ਲਈ ਹਰੇਕ ਨਾਗਰਿਕ ਨੂੰ ਇਸ ਸਬੰਧੀ ਕੁਝ ਜਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਿਨ੍ਹਾਂ ਬਲੈਕਆਉਟ ਤੋਂ ਵੀ ਰਾਤ ਸਮੇਂ ਕੋਈ ਬੇਲੋੜੀ ਲਾਈਟ ਨਾ ਹੀ ਜਗਾਈ ਜਾਵੇ ਤਾਂ ਬਿਹਤਰ ਹੈ।
ਉਨ੍ਹਾਂ ਕਿਹਾ ਕਿ ਸਾਇਰਨ ਦਾ ਮਤਲਬ ਅਸਲ ਖਤਰਾ ਹੈ ਅਤੇ ਰਾਤ ਸਮੇਂ ਬਿਜਲੀ ਜਾਣ ਨੂੰ ਵੀ ਖਤਰੇ ਦਾ ਸੰਕੇਤ ਮੰਨਿਆ ਜਾਵੇ। ਇਸ ਲਈ ਜਦੋਂ ਖਤਰੇ ਦਾ ਸੰਕੇਤ ਮਿਲੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰੋ। ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ ਜੋ ਬਾਹਰੋਂ ਦਿਖ ਸਕਦੀ ਹੋਵੇ। ਬਿਜਲੀ ਬੰਦ ਹੋਣ ਤੇ ਇਨਵਰਟਰ ਜਾਂ ਜਨਰੇਟਰ ਨਾਲ ਵੀ ਕੋਈ ਲਾਈਟ ਨਾ ਜਗਾਓ। ਖਿੜਕੀਆਂ ਤੇ ਪਰਦੇ ਲਗਾ ਕੇ ਰੱਖੋ ਅਤੇ ਅੰਦਰ ਤੋਂ ਵੀ ਕੋਈ ਰੌਸ਼ਨੀ ਬਾਹਰ ਨਾ ਆਵੇ। ਆਪਣੇ ਫੋਨ ਪਹਿਲਾਂ ਤੋਂ ਹੀ ਚਾਰਜ ਰੱਖੋ। ਜਦੋਂ ਬਲੈਕ ਆਉਟ ਹੋਵੇ ਜਾਂ ਖਤਰੇ ਦਾ ਸੰਦੇਸ਼ ਹੋਵੇ ਤਾਂ ਤੁਰੰਤ ਨੇੜੇ ਦੀ ਕਿਸੇ ਇਮਾਰਤ ਵਿਚ ਸ਼ਰਨ ਲਵੋ। ਜੇਕਰ ਇਮਾਰਤ ਬਹੁ ਮੰਜਿਲਾ ਹੈ ਤਾਂ ਹੇਠਲੇ ਤਲ ਤੇ ਆ ਜਾਵੋ। ਇਮਾਰਤ ਦੇ ਅੰਦਰ ਵੀ ਕਿਸੇ ਕੋਨੇ ਵਿਚ ਸ਼ਰਨ ਲਵੋ। ਖਿੜਕੀਆਂ ਦੇ ਨੇੜੇ ਨਾ ਜਾਓ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖਤ ਹੇਠ ਸ਼ਰਨ ਲਵੋ। ਜੇਕਰ ਦਰਖ਼ਤ ਨਾ ਹੋਵੇ ਤਾਂ ਛਾਤੀ ਭਾਰ ਲੇਟ ਕੇ ਜਮੀਨ ਤੇ ਕੁਹਣੀਆਂ ਲਗਾਉਂਦੇ ਹੋਏ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਵੋ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਨੂੰ ਸਾਇਡ ਤੇ ਰੋਕ ਕੇ ਵਾਹਨ ਦੇ ਥੱਲੇ ਆ ਜਾਓ ਤੇ ਉਸਦੀਆਂ ਲਾਈਟਾਂ ਬੰਦ ਕਰ ਦਿਓ। ਨੇੜੇ ਦੀ ਇਮਾਰਤ ਵਿਚ ਜਾਂ ਦਰਖਤ ਹੇਠ ਜਾਂ ਉਪਰੋਕਤ ਦੱਸੇ ਅਨੁਸਾਰ ਖੁੱਲੇ ਵਿਚ ਲੇਟ ਜਾਓ। ਜਦੋਂ ਤੱਕ ਖਤਰੇ ਦਾ ਅਲਰਟ ਟਲੇ ਨਾ ਇਮਾਰਤ ਤੋਂ ਬਾਹਰ ਨਾ ਆਵੋ।
ਜੇਕਰ ਡਰੋਨ ਜਾਂ ਕੋਈ ਉਡਦੀ ਚੀਜ ਵੇਖੋ ਤਾਂ ਤੁਰੰਤ ਕੰਟਰੋਲ ਰੂਮ ਜਾਂ ਅਧਿਕਾਰੀ ਨੂੰ ਇਤਲਾਹ ਦਿਓ ਪਰ ਇਸ ਤਰਾਂ ਦੀ ਚੀਜ ਵੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਨਾ ਕਰੋ ਕਿਉਂਕਿ ਅਜਿਹਾ ਕਰਦੇ ਸਮੇਂ ਤੁਹਾਡੇ ਮੋਬਾਇਲ ਦੀ ਸਕਰੀਨ ਦੀ ਰੌਸ਼ਨੀ ਤੁਹਾਨੂੰ ਖਤਰੇ ਵਿਚ ਪਾ ਸਕਦੀ ਹੈ। ਬਲੈਕ ਆਉਟ ਸਮੇਂ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਨਾ ਹੀ ਛੱਤਾਂ ਤੇ ਜਾਓ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸੋਲਰ ਮੋਟਰਾਂ ਆਦਿ ਤੇ ਖੇਤਾਂ ਵਿਚ ਲੱਗੀਆਂ ਲਾਈਟਾਂ ਵੀ ਰਾਤ ਸਮੇਂ ਬੰਦ ਰੱਖੀਆਂ ਜਾਣ।
ਉਨ੍ਹਾਂ ਨਾਲ ਹੀ ਕਿਹਾ ਕਿ ਕੁਝ ਗੱਲਾਂ ਜੋ ਤੁਸੀਂ ਬਿਲਕੁੱਲ ਨਹੀਂ ਕਰਨੀਆਂ ਉਹ ਵੀ ਆਪਣੇ ਧਿਆਨ ਵਿੱਚ ਰੱਖਣੀਆਂ ਹਨ ਜਿਵੇਂ ਕੋਈ ਵੀ ਲਾਈਟ ਨਾ ਚਾਲੂ ਕਰੋ, ਛੋਟੀ ਤੋਂ ਛੋਟੀ ਰੋਸ਼ਨੀ ਜਾਂ ਸਕਰੀਨ ਦੀ ਚਮਕ ਵੀ ਲੁਕਾ ਦਿਓ। ਸਾਇਰਨ ਦੇ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ। ਜਿੱਥੇ ਹੋ, ਉਥੇ ਹੀ ਰੁੱਕ ਜਾਓ। ਕਿਸੇ ਵੀ ਝਰੋਖੇ ਜਾਂ ਦਰਵਾਜ਼ੇ ਨੂੰ ਨਾ ਖੋਲ੍ਹੋ। ਬਾਹਰ ਰੋਸ਼ਨੀ ਜਾਣਾ ਸਖ਼ਤ ਮਨਾਹੀ ਹੈ। ਇਸਨੂੰ ਮੌਕਾ ਅਭਿਆਸ ਸਮਝਣ ਦੀ ਭੁੱਲ ਨਾ ਕਰੋ ਹੁਣ ਹਰ ਸਾਇਰਨ ਅਸਲ ਖਤਰੇ ਦੀ ਨਿਸ਼ਾਨੀ ਹੈ। ਅਫਵਾਹਾਂ ਨਾ ਫੈਲਾਓ ਅਤੇ ਨਾ ਵਿਸ਼ਵਾਸ ਕਰੋ। ਕੇਵਲ ਸਰਕਾਰੀ ਹਦਾਇਤਾਂ ਉੱਤੇ ਭਰੋਸਾ ਕਰੋ ਅਤੇ ਉਨ੍ਹਾਂ ਦਾ ਪਾਲਣ ਕਰੋ।