ਮਾਨਸਾ 4 ਦਸੰਬਰ (ਬਪਸ):ਅੰਤਰਰਾਸ਼ਟਰੀ ਅੰਗਹੀਣ ਦਿਵਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਰੂਪਨਗਰ (ਰੋਪੜ) ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਅਰੁਣਾ ਚੌਧਰੀ ਵੱਲੋਂ ਸੂਬੇ ਦੇ ਵੱਖ ਵੱਖ ਖੇਤਰਾਂ ਚੋਂ ਆਏ ਅੰਗਹੀਣਾਂ ਨੂੰ ਰਾਜ ਪੱਧਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਮੌਕੇ ਪਿੰਡ ਬੁਰਜ ਭਲਾਈਕੇ ਦੀ ਆਂਗਣਵਾੜੀ ਵਰਕਰ ਮਲਕੀਤ ਕੌਰ ਨੂੰ ਰਾਜ ਪੱਧਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜ ਪੱਧਰੀ ਅਵਾਰਡ ਪ੍ਰਾਪਤ ਕਰਨ ਵਾਲੀ ਆਂਗਣਵਾੜੀ ਵਰਕਰ ਅੰਗਹੀਣ ਮਲਕੀਤ ਕੌਰ ਦਾ ਪਿੰਡ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਸੁਖਬੀਰ ਕੌਰ ਨੇ ਆਂਗਣਵਾੜੀ ਵਰਕਰ ਮਲਕੀਤ ਕੌਰ ਦਾ ਸਨਮਾਨ ਕਰਦਿਆਂ ਕਿਹਾ ਕਿ ਅੰਗਹੀਣ ਹੋਣ ਦੇ ਬਾਵਜੂਦ ਵੀ ਮਲਕੀਤ ਕੌਰ ਜੋ ਸੇਵਾਵਾਂ ਨਿਭਾ ਰਹੀ ਹੈ ਉਹ ਕਾਬਲੇ ਤਾਰੀਫ਼ ਹਨ ਜਿਸ ਸਦਕਾ ਇਨ੍ਹਾਂ ਨੂੰ ਰਾਜ ਪੱਧਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਸਾਨੂੰ ਮਾਣ ਹੈ ਕਿ ਮਲਕੀਤ ਕੌਰ ਸਾਡੇ ਪਿੰਡ ਦੀ ਆਂਗਣਵਾੜੀ ਵਰਕਰ ਹੈ ਅਤੇ ਪਿੰਡ ਦੇ ਵਿਕਾਸ ਲਈ ਸਮੇਂ-ਸਮੇਂ ਸਿਰ ਇਹ ਆਪਣੇ ਯਤਨ ਕਰਦੀ ਰਹਿੰਦੀ ਹੈ। ਅਸੀਂ ਮਲਕੀਤ ਕੌਰ ਨੂੰ ਇਹ ਸਨਮਾਨ ਮਿਲਣ ਤੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵਧਾਈ ਦਿੰਦੇ ਹਾਂ ਅਤੇ ਮਹਿਕਮੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਸ ਇਮਾਨਦਾਰ ਅਤੇ ਹਿੰਮਤੀ ਆਂਗਣਵਾੜੀ ਵਰਕਰ ਨੂੰ ਇਸ ਸਨਮਾਣ ਲਈ ਚੁਣਿਆ ਹੈ।ਇਸ ਮੌਕੇ ਬੀਡੀਪੀਓ ਮੇਜਰ ਸਿੰਘ ਅਤੇ ਸੁਪਰਡੈਂਟ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪੰਚ ਰਾਣੀ ਕੌਰ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਸੁਖਪਾਲ ਸਿੰਘ, ਦਲੇਰ ਸਿੰਘ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ।