ਮਾਨਸਾ, 14 ਜੂਨ(ਸਾਰਾ ਯਹਾ,(ਬਲਜੀਤ ਸ਼ਰਮਾ) : ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੂੰ ਜਿਲ੍ਹਾ ਮਾਨਸਾ ਦਾ ਪੰਜਾਬ ਹੋਮ ਗਾਰਡਜ਼ ਦਾ ਕਮਾਡੈਂਟ ਤੈਨਾਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਬਤੌਰ ਕਮਾਂਡੈਂਟ ਚਾਰਜ ਸੰਭਾਲ ਲਿਆ ਗਿਆ ਹੈ। ਕਮਾਂਡੈਂਟ ਧਾਲੀਵਾਲ ਇਸ ਤੋਂ ਪਹਿਲਾਂ ਪਟਿਆਲਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿਖੇ ਤਾਇਨਾਤ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੋਮਗਾਰਡਜ਼ ਦੇ ਜਵਾਨਾਂ ਨੇ ਅੱਤਵਾਦ ਦੇ ਕਾਲੇ ਦੌਰ ਤੋਂ ਲੈ ਕੇ ਅੱਜ ਤੱਕ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੀ ਇਮਾਨਦਾਰੀ ਅਤੇ ਅਨੁਸ਼ਾਸ਼ਨ ਵਿੱਚ ਡਿਊਟੀ ਕੀਤੀ ਹੈ ਅਤੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਸਾਰੇ ਕਰਮਚਾਰੀ ਸਮੇਂ ਦੇ ਪਾਬੰਦ ਹੋਣਗੇ ਅਤੇ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਗੈਰ-ਜ਼ਿੰਮੇਵਾਰੀ ਅਤੇ ਅਨੁਸ਼ਾਸ਼ਨਹੀਣਤਾ ਕਰਨ ਵਾਲੇ ਕਰਮਚਾਰੀ ਵਿਰੁੱਧ ਸਖ਼ਤ ਅਨੁਸ਼ਾਸ਼ਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਥਾਣਿਆਂ ਵਿੱਚ ਤਾਇਨਾਤ ਹੋਮਗਾਰਡਜ਼ ਜਵਾਨਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਜਵਾਨ ਬਿਨਾਂ ਕਿਸੇ ਹੁਕਮ ਦੇ ਆਪਣਾ ਡਿਊਟੀ ਸਥਾਨ ਨਹੀਂ ਛੱਡੇਗਾ ਅਤੇ ਤਾਇਨਾਤੀ ਹੁਕਮਾਂ ਅਨੁਸਾਰ ਹੀ ਡਿਊਟੀ ਸਥਾਨ ‘ਤੇ ਡਿਊਟੀ ਕਰਨਗੇ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ, ਨਸ਼ਾ ਅਤੇ ਅਨੁਸ਼ਾਸ਼ਨਹੀਣਤਾ ਕਰਨ ਦੀ ਸੁਰਤ ਵਿੱਚ ਤੁਰੰਤ ਮੁਅੱਤਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਥਾਣੇ ਜਾਂ ਚੌਕੀ ਨੂੰ ਕਿਸੇ ਵੀ ਸਮੇਂ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਵਾਨ ਵਧੀਆ ਟਰਨ ਆਊਟ ਵਾਲੀ ਵਰਦੀ ਪਹਿਨਣਗੇ ਅਤੇ ਡਿਊਟੀ ਸਥਾਨ ਤੋਂ ਬਾਹਰ ਡਿਊਟੀ ਨਹੀਂ ਕਰਨਗੇ।