ਸਹੀਦ ਭਗਤ ਸਿੰਘ ਨਗਰ, 23 ਮਾਰਚ: (ਸਾਰਾ ਯਹਾਂ/ਬਿਊਰੋ ਨਿਊਜ਼)
ਕਈ ਦਹਾਕਿਆਂ ਤੋਂ ਅਣਗੌਲੇ ਰਹੇ ਸੂਬੇ ਦੇ ਦੋਆਬਾ ਖੇਤਰ ਨੂੰ 36 ਮਹੀਨਿਆਂ ਦੇ ਅੰਦਰ ਉਦੋਂ ਆਪਣਾ ਤੀਜਾ ਮੈਡੀਕਲ ਕਾਲਜ ਮਿਲ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਪਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ।
ਇਹ ਦੋਆਬਾ ਖੇਤਰ ਵਿੱਚ ਤੀਜਾ ਮੈਡੀਕਲ ਕਾਲਜ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ। ਮੁੱਖ ਮੰਤਰੀ ਦੀ ਦੂਰਦਰਸੀ ਪਹੁੰਚ ਕਾਰਨ ਦੋਆਬਾ ਖੇਤਰ ਦੇ ਚਾਰ ਜ਼ਿਲਿ੍ਹਆਂ ਵਿੱਚੋਂ ਤਿੰਨ ਭਾਵ ਹੁਸ਼ਿਆਰਪੁਰ, ਕਪੂਰਥਲਾ ਅਤੇ ਸਹੀਦ ਭਗਤ ਸਿੰਘ ਨਗਰ ਵਿੱਚ ਹੁਣ ਸਰਕਾਰੀ ਮੈਡੀਕਲ ਕਾਲਜ ਹੋਣਗੇ। ਨਵਾਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਨਾਲ ਜੁੜੇਗਾ। ਇਸ ਦਾ ਨਾਮ ਸਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਅਤੇ ਇਹ ਸੰਸਥਾ ਸਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸਰਧਾਂਜਲੀ ਹੈ।
ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ 50 ਸੀਟਾਂ ਹੋਣਗੀਆਂ, ਜਿਸ ਨਾਲ ਮੈਡੀਕਲ ਸਿੱਖਿਆ ਇਸ ਖੇਤਰ ਦੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇਗੀ। ਜ਼ਿਲ੍ਹਾ ਸਿਵਲ ਹਸਪਤਾਲ, ਐਸ.ਬੀ.ਐਸ. ਨਗਰ ਮੌਜੂਦਾ ਸਮੇਂ ਵਿੱਚ ਸੈਕੰਡਰੀ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਵਿਸੇਸ ਡਾਕਟਰੀ ਸਹੂਲਤਾਂ ਦੀ ਘਾਟ ਹੈ। ਮੈਡੀਕਲ ਕਾਲਜ ਦੀ ਸਥਾਪਨਾ ਨਾਲ ਮਾਹਰ ਅਤੇ ਸੁਪਰ-ਸਪੈਸਲਿਸਟ ਡਾਕਟਰ 24 ਘੰਟੇ ਉਪਲਬਧ ਹੋਣਗੇ।
ਮੈਡੀਸਨ, ਸਰਜਰੀ, ਬਾਲ ਰੋਗ, ਆਰਥੋਪੈਡਿਕਸ, ਗਾਇਨਾਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਵਿੱਚ ਨਵੇਂ ਵਿਭਾਗਾਂ ਨੂੰ ਮਜਬੂਤ ਕੀਤਾ ਜਾਵੇਗਾ। ਇਸੇ ਤਰ੍ਹਾਂ ਆਈ.ਸੀ.ਯੂ., ਟਰੌਮਾ ਸੈਂਟਰ ਅਤੇ ਡਾਇਗਨੌਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜਾਂ ਨੂੰ ਸੰਭਾਲਣ ਲਈ ਅਪਗ੍ਰੇਡ ਕੀਤਾ ਜਾਵੇਗਾ। ਮਰੀਜਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਡਾਕਟਰੀ ਉਪਕਰਨ ਅਤੇ ਤਕਨਾਲੋਜੀ ਪੇਸ ਕੀਤੀ ਜਾਵੇਗੀ।
ਇਸ ਹਸਪਤਾਲ ਨੂੰ ਅਤਿ-ਆਧੁਨਿਕ ਅਧਿਆਪਨ ਤੇ ਸਿਹਤ ਸੰਭਾਲ ਸੰਸਥਾ ਵਿੱਚ ਬਦਲਿਆ ਜਾਵੇਗਾ, ਜਿਸ ਨਾਲ ਮਰੀਜਾਂ ਅਤੇ ਮੈਡੀਕਲ ਵਿਦਿਆਰਥੀਆਂ ਦੋਵਾਂ ਨੂੰ ਲਾਭ ਹੋਵੇਗਾ। ਸਹੀਦ ਭਗਤ ਸਿੰਘ ਨਗਰ ਇੱਕ ਦੂਰ-ਦੁਰਾਡੇ ਵਾਲਾ ਜ਼ਿਲ੍ਹਾ ਹੈ, ਜਿੱਥੇ ਟਰਸਰੀ ਸਿਹਤ ਸੰਭਾਲ ਸਹੂਲਤਾਂ ਤੱਕ ਪਹੁੰਚ ਬਹੁਤ ਸੀਮਤ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਬਿਲਕੁੱਲ ਹੀ ਅਣਗੌਲਿਆ ਕੀਤਾ ਹੈ, ਜਿਸ ਕਾਰਨ ਮਰੀਜਾਂ ਨੂੰ ਇਲਾਜ ਲਈ ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਇਹ ਮੈਡੀਕਲ ਕਾਲਜ ਸਥਾਨਕ ਤੌਰ ‘ਤੇ ਆਧੁਨਿਕ ਦੇਖਭਾਲ ਸੇਵਾਵਾਂ ਦੀ ਪੇਸਕਸ ਕਰ ਕੇ ਰੈਫਰਲ ਹਸਪਤਾਲਾਂ ‘ਤੇ ਮਰੀਜਾਂ ਦੇ ਬੋਝ ਨੂੰ ਘਟਾਏਗਾ ਅਤੇ ਭਵਿੱਖ ਦੇ ਡਾਕਟਰਾਂ ਨੂੰ ਪੇਂਡੂ ਮਾਹੌਲ ਵਿੱਚ ਸਿਖਲਾਈ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਸੇਵਾ ਕਰਨ ਲਈ ਉਤਸਾਹਿਤ ਕੀਤਾ ਜਾਵੇਗਾ।
ਇਸ ਕਾਲਜ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਕਿਫਾਇਤੀ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਇਹ ਕਾਲਜ ਮੈਡੀਕਲ ਸਿੱਖਿਆ ਦਾ ਵੀ ਵਿਸਥਾਰ ਕਰੇਗਾ ਕਿਉਂਕਿ ਸਥਾਨਕ ਵਿਦਿਆਰਥੀਆਂ ਨੂੰ ਹੁਣ ਮੈਡੀਕਲ ਪੜ੍ਹਾਈ ਲਈ ਆਪਣਾ ਜ਼ਿਲ੍ਹਾ ਨਹੀਂ ਛੱਡਣਾ ਪਵੇਗਾ। ਇਹ ਮੈਡੀਕਲ ਕਾਲਜ ਭਵਿੱਖ ਵਿੱਚ ਕਾਰਡੀਓਲੋਜੀ, ਨੈਫਰੋਲੋਜੀ, ਨਿਊਰੋਲੋਜੀ ਅਤੇ ਓਨਕੋਲੋਜੀ ਵਰਗੀਆਂ ਸੇਵਾਵਾਂ ਮੁਹੱਈਆ ਕਰਨ ਦੇ ਨਾਲ ਵਿਸੇਸ ਸਿਹਤ ਸੰਭਾਲ ਸੇਵਾਵਾਂ ਲਈ ਪ੍ਰੇਰਕ ਵਜੋਂ ਕੰਮ ਕਰੇਗਾ।
ਇਸ ਮੈਡੀਕਲ ਕਾਲਜ ਨਾਲ ਡਾਕਟਰਾਂ, ਨਰਸਾਂ, ਟੈਕਨੀਸੀਅਨਾਂ ਅਤੇ ਨਾਨ-ਮੈਡੀਕਲ ਸਟਾਫ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਅਰਥਚਾਰੇ ਨੂੰ ਵੀ ਹੁਲਾਰਾ ਦੇਵੇਗਾ ਕਿਉਂਕਿ ਵਿਦਿਆਰਥੀ ਅਤੇ ਫੈਕਲਟੀ ਦੀ ਮੌਜੂਦਗੀ ਵਧਣ ਨਾਲ ਸਥਾਨਕ ਕਾਰੋਬਾਰਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਛੇ ਨਵੇਂ ਮੈਡੀਕਲ ਕਾਲਜਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ।
ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਅਤੇ ਕਾਰਜਸੀਲ ਕਰਨ ਲਈ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸੰਸਥਾ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਲਈ ਫੈਕਲਟੀ ਅਤੇ ਸਟਾਫ ਦੀ ਭਰਤੀ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਦੀ ਸਮੇਂ ਸਿਰ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਐਸ.ਬੀ.ਐਸ. ਨਗਰ ਨੂੰ ਉੱਤਰੀ ਪੰਜਾਬ ਦਾ ਸਿਹਤ ਸੰਭਾਲ ਕੇਂਦਰ ਬਣਾਉਣ ਲਈ ਡਾਕਟਰੀ ਸੇਵਾਵਾਂ ਦੇ ਵਿਸਥਾਰ ਅਤੇ ਹੋਰ ਅਪਗ੍ਰੇਡੇਸਨ ਲਈ ਵਾਧੂ ਫੰਡ ਯਕੀਨੀ ਬਣਾਏ ਜਾਣਗੇ।
ਇਹ ਮੈਡੀਕਲ ਕਾਲਜ ਸਿਰਫ ਇੱਕ ਪ੍ਰੋਜੈਕਟ ਨਹੀਂ ਹੈ, ਸਗੋਂ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨਾਲ ਕੀਤਾ ਇੱਕ ਵਾਅਦਾ ਵੀ ਹੈ। ਇਹ ਕਾਲਜ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਖੇਤਰ ਦੀ ਚਿਰਕੋਣੀ ਮੰਗ ਨੂੰ ਪੂਰਾ ਕਰੇਗਾ। ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਬਣਿਆ ਇਹ ਕਾਲਜ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੂਰੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਇਹ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਵਿਚ ਸਕਰਾਤਮਕ ਬਦਲਾਅ ਲਿਆਉਣ ਅਤੇ ਸਾਰਿਆਂ ਲਈ ਮਿਆਰੀ ਡਾਕਟਰੀ ਸਿੱਖਿਆ ਅਤੇ ਇਲਾਜ ਯਕੀਨੀ ਬਣਾਉਣ ਪ੍ਰਤੀ ਸੂਬਾ ਸਰਕਾਰ ਦੀ ਦਿ੍ਰੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।