*ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਹੋਈ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੀ ਮੀਟਿੰਗ*

0
9

ਫਗਵਾੜਾ 6 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਹਿਊਮਨ ਰਾਈਟਸ ਕੌਂਸਲ (ਇੰਡੀਆ) ਦੀ ਮਾਸਿਕ ਮੀਟਿੰਗ ਗ੍ਰੈਂਡ ਅੰਬੈਸਡਰ ਹੋਟਲ, ਰੇਲਵੇ ਰੋਡ ਫਗਵਾੜਾ ਵਿਖੇ ਹੋਈ। ਕੌਂਸਲ ਦੇ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਦੌਰਾਨ ਕੌਮੀ ਪ੍ਰਧਾਨ ਆਰਤੀ ਰਾਜਪੂਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸੰਗਠਨ ਦੇ ਹਾਜਰ ਮੈਂਬਰਾਂ ਨੂੰ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕੌਂਸਲ ਦੀਆਂ ਵੱਖ-ਵੱਖ ਸ਼ਾਖਾਵਾਂ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਆਪਣੇ ਪੱਧਰ ’ਤੇ ਕੰਮ ਕਰ ਰਹੀਆਂ ਹਨ। ਜਿਸ ਵਿੱਚ ਮੁੱਖ ਤੌਰ ’ਤੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ, ਮੈਡੀਕਲ ਸੈੱਲ, ਸਪੋਰਟਸ ਸੈੱਲ, ਬਿਜ਼ਨਸ ਸੈੱਲ ਆਦਿ ਸ਼ਾਮਲ ਹਨ। ਉਨ੍ਹਾਂ ਨੇ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਨੂੰ ਅਪੀਲ ਕੀਤੀ ਕਿ ਉਹ ਫਗਵਾੜਾ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਆਯੋਜਿਤ ਕਰਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਸੰਗਠਨ ਵਿੱਚ ਕੌਂਸਲ ਦੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਖੁਦ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ ਦੂਜਿਆਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦਾ ਫਗਵਾੜਾ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਉਨ੍ਹਾਂ ਨੂੰ ਫਗਵਾੜਾ ਸ਼ਾਖਾ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੌਂਸਲ ਨਾਲ ਜੋੜਿਆ ਜਾਵੇਗਾ ਤਾਂ ਜੋ ਕੌਂਸਲ ਦੇ ਮਿਸ਼ਨ ਨੂੰ ਆਮ ਲੋਕਾਂ ਤੱਕ ਵੱਡੀ ਪੱਧਰ ’ਤੇ ਪਹੁੰਚਾਇਆ ਜਾ ਸਕੇ। ਉਹਨਾਂ ਨੇ ਆਉਣ ਵਾਲੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦੀ ਹੀ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਮਨੁੱਖੀ ਅਧਿਕਾਰ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਨਾਲ ਸਬੰਧਤ ਸਟਿੱਕਰ ਅਤੇ ਪੈਂਫਲੇਟ ਵੀ ਵੰਡੇ ਜਾਣਗੇ। ਫਗਵਾੜਾ ਸ਼ਾਖਾ ਵੱਲੋਂ ਕੌਮੀ ਪ੍ਰਧਾਨ ਆਰਤੀ ਰਾਜਪੂਤ ਨੂੰ ਮਹਿਲਾ ਦਿਵਸ ਦੀਆਂ ਸ਼ੁਭ ਇੱਛਾਵਾਂ ਦਿੰਦਿਆਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਨੁੱਖੀ ਅਧਿਕਾਰ ਕੌਂਸਲ ਓ.ਬੀ.ਸੀ. ਸੈੱਲ ਪੰਜਾਬ ਦੇ ਪ੍ਰਧਾਨ ਅਮਰਜੀਤ ਨਿੱਝਰ, ਜਨਰਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਸੈਣੀ, ਭ੍ਰਿਸ਼ਟਾਚਾਰ ਵਿਰੋਧੀ ਸੈੱਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨੰਦ ਸੋਨੀ, ਭ੍ਰਿਸ਼ਟਾਚਾਰ ਵਿਰੋਧੀ ਸੈੱਲ ਜ਼ਿਲ੍ਹਾ ਉਪ ਪ੍ਰਧਾਨ ਸੁਮਨ ਸ਼ਰਮਾ, ਸਪੋਰਟਸ ਸੈੱਲ ਫਗਵਾੜਾ ਦੇ ਪ੍ਰਧਾਨ ਚੰਦਰਮੋਹਨ ਸ਼ਰਮਾ, ਸਿੱਖਿਆ ਸੈੱਲ ਫਗਵਾੜਾ ਦੇ ਪ੍ਰਧਾਨ ਹਰਮੇਸ਼ ਲਾਲ ਕੁਲਥਮ, ਮੈਡੀਕਲ ਸੈੱਲ ਫਗਵਾੜਾ ਦੇ ਜਨਰਲ ਸਕੱਤਰ ਵਿਨੀਤ ਗਾਬਾ, ਮਨੁੱਖੀ ਅਧਿਕਾਰ ਸੈੱਲ ਫਗਵਾੜਾ ਦੇ ਉਪ ਪ੍ਰਧਾਨ ਸੁਮਿਤ ਭੰਡਾਰੀ ਅਤੇ ਸਤਵਿੰਦਰ ਸਿੰਘ ਭਮਰਾ, ਵਪਾਰ ਸੈੱਲ ਫਗਵਾੜਾ ਦੇ ਉਪ ਪ੍ਰਧਾਨ ਲਲਿਤ ਸ਼ਰਮਾ, ਅਸ਼ਵਨੀ ਕੁਮਾਰ, ਸਾਊਦੀ ਸਿੰਘ ਤੋਂ ਇਲਾਵਾ ਰਚਨਾ ਖੁਰਾਨਾ, ਸੰਜੀਵ ਲਾਂਬਾ, ਵਿਨੈ ਕੁਮਾਰ ਬਿੱਟੂ, ਆਸ਼ੂ ਕਰਾਵਲ, ਅਨੂਪ ਦੁੱਗਲ, ਜਲ ਸੇਵਾ ਕਮੇਟੀ ਦੇ ਪ੍ਰਧਾਨ ਵਿਪਨ ਖੁਰਾਨਾ, ਦੀਪਕ ਖਰਬੰਦਾ ਆਦਿ ਹਾਜ਼ਰ ਸਨ।

NO COMMENTS